ਜਸਬੀਰ ਸ਼ੇਤਰਾ
ਜਗਰਾਉਂ, 20 ਅਪਰੈਲ
ਤਿੰਨ ਪਿੰਡਾਂ ਦੀ ਹੱਦ ’ਤੇ ਪੈਂਦੀ ਪਿੰਡ ਕਾਕੜ ਤਿਹਾੜਾ ਦੀ 15 ਏਕੜ ਜ਼ਮੀਨ ’ਚ ਖੜ੍ਹਿਆ ਨਾੜ ਅੱਜ ਬਿਜਲੀ ਦੀਆਂ ਤਾਰਾਂ ’ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਲੱਗੀ ਅੱਗ ਕਰ ਕੇ ਸੁਆਹ ਹੋ ਗਿਆ। ਇਹ ਸਾਰੀ ਜ਼ਮੀਨ ਇਕੋ ਕਿਸਾਨ ਗੁਰਦੀਪ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਕਾਕੜ ਤਿਹਾੜਾ ਦੀ ਹੈ। ਚੰਗੀ ਗੱਲ ਇਹ ਰਹੀ ਕਿ ਪਿੰਡ ਕਾਕੜ ਤਿਹਾੜਾ ਅਤੇ ਨਾਲ ਲੱਗਦੇ ਸੋਢੀਵਾਲ ਤੇ ਜਨੇਤਪੁਰਾ ਪਿੰਡਾਂ ਦੇ ਲੋਕਾਂ ਨੇ ਦੋ ਘੰਟੇ ਦੀ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ। ਇਸ ’ਚ ਗੁਰਦੁਆਰਾ ਸਾਹਿਬ ਤੋਂ ਲਿਆਂਦੀਆਂ ਪਾਣੀਆਂ ਵਾਲੀ ਟੈਂਕੀਆਂ ਸਮੇਤ ਤਿੰਨਾਂ ਪਿੰਡਾਂ ਦੇ 50 ਦੇ ਕਰੀਬ ਟਰੈਕਟਰਾਂ ਨੇ ਅਹਿਮ ਯੋਗਦਾਨ ਪਾਇਆ। ਪ੍ਰਧਾਨ ਜਗਤਾਰ ਸਿੰਘ ਤਿਹਾੜਾ ਨੇ ਦੱਸਿਆ ਕਿ ਦੋ ਘੰਟੇ ਤਿੰਨ ਪਿੰਡਾਂ ਦੇ ਲੋਕ ਜੀਅ-ਜਾਨ ਲਾ ਕੇ ਅੱਗ ਬੁਝਾਉਣ ਲਈ ਲੱਗੇ ਰਹੇ। ਪਰ ਦੋ ਘੰਟੇ ਦਾ ਸਮਾਂ ਲੰਘਣ ਦੇ ਬਾਵਜੂਦ ਨਾ ਤਾਂ ਕੋਈ ਫਾਇਰ ਬ੍ਰਿਗੇਡ ਉਥੇ ਪਹੁੰਚੀ ਅਤੇ ਨਾ ਹੀ ਬਾਅਦ ’ਚ ਕਿਸੇ ਅਧਿਕਾਰੀ ਨੇ ਜਾਇਜ਼ਾ ਲੈਣਾ ਜ਼ਰੂਰੀ ਸਮਝਿਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕੁਝ ਦਿਨ ਪਹਿਲਾਂ ਵਾਢੀ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਚੌਵੀ ਘੰਟੇ ਤਿਆਰ ਹੋਣ ਦਾ ਦਾਅਵਾ ਕੀਤਾ ਸੀ ਜਿਸ ਦੀ ਅੱਜ ਫੂਕ ਨਿਕਲ ਗਈ। ਉਨ੍ਹਾਂ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਵੀ ਇਸੇ ਥਾਂ ਸੂਏ ਨਾਲ ਨਿਕਲਦੀਆਂ ਬਿਜਲੀ ਦੀਆਂ ਤਾਰਾਂ ’ਚੋਂ ਚੰਗਿਆੜੀਆਂ ਨਿਕਲੀਆਂ ਸਨ। ਉਦੋਂ ਕਣਕ ਦੀ ਵਾਢੀ ਚੱਲ ਰਹੀ ਸੀ ਅਤੇ ਫੌਰੀ ਪਾਵਰਕੌਮ ਦੇ ਜੇਈ ਨੂੰ ਸੂਚਨਾ ਦੇ ਕੇ ਬਿਜਲੀ ਬੰਦ ਕਰਵਾਈ ਗਈ। ਦੋ ਹਫ਼ਤੇ ਬੀਤ ਜਾਣ ਤੋਂ ਬਾਅਦ ਇਹ ਢਿੱਲੀਆਂ ਤਾਰਾਂ ਤੇ ਚੰਗਿਆੜੇ ਨਿਕਲਣ ਦੀ ਸਮੱਸਿਆ ਦਾ ਹੱਲ ਨਾ ਕਰਨ ਦਾ ਸਿੱਟਾ ਹੈ ਕਿ ਅੱਜ 15 ਏਕੜ ਨਾੜ ਸੜ ਗਿਆ।