ਆਗਰਾ (ਯੂਪੀ), 6 ਫਰਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ‘ਸਪਾ’ ਦੇ ਮਜ਼ਬੂਤ ਧਿਰ/ਉਮੀਦਵਾਰ ਵਜੋਂ ਉਭਰਨ ਕਰਕੇ ਲੋਕਾਂ ਨੂੰ ਕਥਿਤ ਫੋਨ ਉੱਤੇ ਉਨ੍ਹਾਂ ਦੀ ਪਾਰਟੀ ਖਿਲਾਫ਼ ਵੋਟਾਂ ਪਾਉਣ ਲਈ ਧਮਕਾਇਆ ਜਾ ਰਿਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ ਨੂੰ ਰਿਕਾਰਡ ਕਰਨ ਤਾਂ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਇਨ੍ਹਾਂ ਦੇ ਆਧਾਰ ’ਤੇ ਕੇਸ ਦਰਜ ਕੀਤੇ ਜਾ ਸਕਣ।
ਯਾਦਵ ਨੇ ਬਿਨਾਂ ਕਿਸੇ ਦਾ ਨਾਂ ਲੈਂਦਿਆਂ ਕਿਹਾ, ‘‘ਜਦੋਂ ਦੀ ਸਪਾ ਚੋਣਾਂ ਵਿੱਚ ਤਾਕਤਵਾਰ ਉਮੀਦਵਾਰ/ਧਿਰ ਬਣ ਕੇ ਉਭਰੀ ਹੈ, ਲੋਕਾਂ ਨੂੰ ਫੋਨ ’ਤੇ ਧਮਕਾਇਆ ਜਾ ਰਿਹੈ। ਜੇਕਰ ਕਿਸੇ ਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਉਸ ਨੂੰ ਰਿਕਾਰਡ ਕੀਤਾ ਜਾਵੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਰਿਕਾਰਡਿੰਗਾਂ ਨੂੰ ਐੱਫਆਈਆਰਾਜ਼ ਦੇ ਆਧਾਰ ਵਜੋਂ ਵਿਚਾਰਿਆ ਜਾਵੇਗਾ।’’ ਸਾਬਕਾ ਮੁੱਖ ਮੰਤਰੀ ਇਥੇ ਬਾਹ ਅਸੈਂਬਲੀ ਹਲਕੇ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਅਸੈਂਬਲੀ ਚੋਣਾਂ ਉੱਤਰ ਪ੍ਰਦੇਸ਼ ਦੇ ਭਵਿੱਖ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਹਨ। ਯਾਦਵ ਨੇ ਕਿਹਾ, ‘‘ਇਹ ਚੋਣਾਂ ਯੂਪੀ ਦੇ ਭਵਿੱਖ ਤੇ ਸੰਵਿਧਾਨ ਨੂੰ ਬਚਾਉਣ ਲਈ ਹਨ। ਭਾਜਪਾ ਕੁਝ ਵੀ ਕਰ ਸਕਦੀ ਹੈ ਤੇ ਲੋਕਾਂ ਨੂੰ ਮਗਰੋਂ ਇਸ ਦਾ ਪਤਾ ਲਗਦਾ ਹੈ। ਕੀ ਕਿਸੇ ਨੂੰ ਨੋਟਬੰਦੀ ਦੇ ਐਲਾਨ ਬਾਰੇ ਪਤਾ ਸੀ?’’
ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਯੂਪੀ ਵਿੱਚ ਬਿਜਲੀ ਸਪਲਾਈ ’ਚ ਵੱਡਾ ਸੁਧਾਰ ਲਿਆਉਣ ਦੇ ਨਾਲ ਵਿਕਾਸ ਯਕੀਨੀ ਬਣਾਉਣਗੇ। ਉਨ੍ਹਾਂ ਯੋਗੀ ਆਦਿੱਤਿਆਨਾਥ ’ਤੇ ਤਨਜ਼ ਕੱਸਦਿਆਂ ਕਿਹਾ, ‘‘ਮੁੱਖ ਮੰਤਰੀ ਨੇ ਲੈਪਟਾਪ ਤੇ ਟੈਬਲੇਟ ਵੰਡਣ ਦਾ ਵਾਅਦਾ ਕੀਤਾ ਸੀ, ਪਰ ਕੀ ਕਿਸੇ ਨੂੰ ਕੁਝ ਮਿਲਿਆ? ਕਿਸਾਨਾਂ ਨੂੰ ਆਪਣੇ ਖੇਤਾਂ ਦੁਆਲੇ ਵਾੜ ਕਰਨ ਲਈ ਮਜਬੂਰ ਕੀਤਾ ਗਿਆ ਤੇ ਅਵਾਰਾ ਗਾਵਾਂ ਦੇ ਮੁੜ-ਵਸੇਬੇ ਲਈ ਜਿਹੜਾ ਪੈਸਾ ਜਾਰੀ ਕੀਤਾ ਗਿਆ ਹੈ, ਉਹ ਅਜੇ ਤੱਕ ਜ਼ਿਲ੍ਹਿਆਂ ’ਚ ਨਹੀਂ ਪੁੱਜਾ।’’ -ਪੀਟੀਆਈ
‘ਜੈਅੰਤ ਚੌਧਰੀ’ ਲਈ ਨਾਅਰੇ ਲਾਉਣ ਵਾਲੇ 6 ਕਾਂਸਟੇਬਲਾਂ ਨੂੰ ਨੋਟਿਸ
ਰਾਮਪੁਰ (ਯੂਪੀ): ਰਾਮਪੁਰ ਜੇਲ੍ਹ ਵਿੱਚ ਤਾਇਨਾਤ ਛੇ ਪੁਲੀਸ ਕਾਂਸਟੇਬਲਾਂ ਨੂੰ ਵਾਇਰਲ ਹੋਈ ਇਕ ਵੀਡੀਓ ਵਿੱਚ ਦੇਸ਼ ਭਗਤੀ ਵਾਲੇ ਗੀਤ ’ਤੇ ‘ਜੈਅੰਤ ਚੌਧਰੀ ਜ਼ਿੰਦਾਬਾਦ’ ਦੇ ਕਥਿਤ ਨਾਅਰੇ ਲਾਉਣ ਬਦਲੇ ਨੋਟਿਸ ਜਾਰੀ ਕੀਤੇ ਗਏ ਹਨ। ਜੇਲ੍ਹ ਸੁਪਰਡੈਂਟ ਪ੍ਰਸ਼ਾਂਤ ਮੌਰੀਆ ਨੇ ਕਿਹਾ ਕਿ ਛੇ ਪੁਲੀਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਤੱਥਾਂ ਦੀ ਤਸਦੀਕ ਕਰਨ ਮਗਰੋਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਖਨਊ ਦੇ ਆਈਜੀ (ਜੇਲ੍ਹਾਂ) ਨੂੰ ਰਿਪੋਰਟ ਸੌਂਪੀ ਜਾਵੇਗੀ। ਉਧਰ ਸਬੰਧਤ ਕਾਂਸਟੇਬਲਾਂ ਨੇ ਕਿਹਾ ਕਿ ਉਹ ਦੇਸ਼ ਭਗਤੀ ਗੀਤਾਂ ’ਤੇ ਨੱਚ ਰਹੇ ਸਨ ਤੇ ਆਪਣੇ ਇਕ ਦੋਸਤ ਜਿਸ ਦਾ ਉਪ ਨਾਮ ਜੈਅੰਤ ਚੌਧਰੀ ਸੀ, ਨੂੰ ਗਣਤੰਤਰ ਦਿਵਸ ਮੌਕੇ ਪ੍ਰਸ਼ੰਸਾ ਪੱਤਰ ਮਿਲਣ ਕਰਕੇ ਉਸ ਦੇ ਹੱਕ ’ਚ ਨਾਅਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਜੈਅੰਤ ਚੌਧਰੀ ਦਾ ਰਾਸ਼ਟਰੀ ਲੋਕ ਦਲ ਦੇ ਮੁਖੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੇ ਹਨ। -ਪੀਟੀਆਈ