ਪੱਤਰ ਪ੍ਰੇਰਕ
ਲਾਲੜੂ, 22 ਜੂਨ
ਇੱਥੋਂ ਦੇ ਵਾਰਡ ਨੰਬਰ-8 ’ਚ ਰਹਿਣ ਵਾਲੀ 30 ਸਾਲਾ ਵਿਆਹੁਤਾ ਦਾ ਘਰੇਲੂ ਕਲੇਸ਼ ਕਾਰਨ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਉਹ ਲਾਸ਼ ਨੂੰ ਅਲਮਾਰੀ ਵਿੱਚ ਰੱਖ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਲਾਲੜੂ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਮ ਬਾਲਕ ਪਾਲ ਵਾਸੀ ਵਾਰਡ ਨੰਬਰ-8 ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਧੀ ਰਮਾ ਰਾਣੀ ਦਾ ਵਿਆਹ 10 ਸਾਲ ਪਹਿਲਾਂ ਜਸਵੀਰ ਸਿੰਘ ਵਾਸੀ ਮਸੀਂਗਣ ਨਾਲ ਹੋਇਆ ਸੀ। ਉਨ੍ਹਾਂ ਦੋਵਾਂ ਪਤੀ-ਪਤਨੀ ਵਿਚ ਅਕਸਰ ਲੜਾਈ ਝਗੜਾ ਚਲਦਾ ਰਹਿੰਦਾ ਸੀ। ਰਾਮ ਬਾਲਕ ਨੇ ਦੱਸਿਆ ਕਿ 20 ਜੂਨ ਨੂੰ ਉਸ ਦੇ ਜੁਆਈ ਨੇ ਕਿਹਾ ਕਿ ਉਨ੍ਹਾਂ ਨੇ ਕਿਤੇ ਬਾਹਰ ਜਾਣਾ ਹੈ ਤੁਸੀਂ ਸਾਡੇ ਘਰ ਆ ਜਾਓ। ਉਹ ਜਦੋਂ ਘਰ ਆਇਆ ਤਾਂ ਘਰ ਵਿਚ ਕੋਈ ਨਹੀਂ ਸੀ। ਉਸ ਨੇ ਜਦੋਂ ਅਲਮਾਰੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚੋਂ ਰਮਾ ਰਾਣੀ ਦੀ ਲਾਸ਼ ਮਿਲੀ। ਪੁਲੀਸ ਨੇ ਦੇਰ ਸ਼ਾਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।