ਪੱਤਰ ਪ੍ਰੇਰਕ
ਹੰਡਿਆਇਆ, 21 ਜੂਨ
ਸੀ.ਆਈ.ਏ. ਸਟਾਫ਼ ਹੰਡਿਆਇਆ ਦੇ ਪੁਲੀਸ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਿੱਟਫ਼ੰਡ ਕੰਪਨੀ ਕਰਾਊਨ ਦਾ ਮਾਲਕ ਜਗਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ। ਇਸ ਕੰਪਨੀ ’ਤੇ ਹਜ਼ਾਰਾਂ ਨਵੇਸ਼ਕਾਂ ਨਾਲ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇਸ ਠੱਗੀ ਦਾ ਪਰਦਾਫਾਸ਼ ਸਾਲ 2015 ਵਿੱਚ ਹੋਇਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਸਤੰਬਰ 2015 ਵਿੱਚ ਕੰਪਨੀ ਦੇ ਐਮ.ਡੀ. ਜਗਜੀਤ ਸਿੰਘ ਸਮੇਤ ਲਗਪਗ 17 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਕੰਪਨੀ ਨੇ ਸਭ ਤੋਂ ਜ਼ਿਆਦਾ ਰਗੜਾ ਮਾਲਵਾ ਖਿੱਤੇ ਦੇ ਲੋਕਾਂ ਨੂੰ ਲਗਾਇਆ ਸੀ। ਹਰਿਆਣਾ ਪੁਲੀਸ ਨੇ ਇਸ ਕੰਪਨੀ ਦੇ ਐਮ.ਡੀ. ਜਗਜੀਤ ਸਿੰਘ ਜੋ ਕਿ ਭੇਸ ਬਦਲ ਕੇ ਗੁਜ਼ਰਾਤ ਵਿੱਚ ਲੁਕਿਆ ਹੋਇਆ ਸੀ, ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲੀਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੌਂਪ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇਸ ਕੰਪਨੀ ਦਾ ਨਿਰਮਾਤਾ ਇੰਗਲੈਂਡ ਵਿੱਚ ਕਥਿਤ ਤੌਰ ’ਤੇ ਰਹਿ ਰਿਹਾ ਹੈ।