ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਜਨਵਰੀ
ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਿਰਧਾਰਿਤ ਚੋਣ ਪ੍ਰੋਗਰਾਮ ਐਲਾਨੇ ਜਾਣ ਦੇ ਨਾਲ ਹੀ ਜ਼ਿਲ੍ਹਾ ਮੋਗਾ ਵਿੱਚ ਵੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਿਆਸੀ ਇਸ਼ਤਿਹਾਰੀ ਬੋਰਡ ਤੇ ਹੋਰਡਿੰਗ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਮਾਘੀ ਮੇਲੇ ਉੱਤੇ ਹਰ ਵਰ੍ਹੇ ਹੁੰਦੀਆਂ ਤਖ਼ਤੂਪੁਰਾ ਤੇ ਮੁਕਤਸਰ ਦੀਆਂ ਸਿਆਸੀ ਰੈਲੀਆਂ ਵੀ ਚੋਣ ਜ਼ਾਬਤੇ ਦੀ ਭੇਟ ਚੜ੍ਹ ਗਈਆਂ ਹਨ।
ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 15 ਜਨਵਰੀ ਤੱਕ ਸਿਆਸੀ ਰੈਲੀਆਂ, ਇਕੱਠਾਂ ਉੱਪਰ ਮੁਕੰਮਲ ਰੂਪ ’ਚ ਪਾਬੰਦੀ ਲਾਈ ਗਈ ਹੈ। ਪਹਿਲਾਂ ਦਿੱਤੀਆਂ ਮਨਜ਼ੂਰੀਆਂ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀਸੀ ਹਰੀਸ਼ ਨਈਅਰ ਨੇ ਦੱਸਿਆ ਕਿ ਸਿਆਸੀ ਪ੍ਰਚਾਰ ਵਾਲੇ ਹੋਰਡਿੰਗ, ਬੈਨਰ ਤੇ ਪੋਸਟਰ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 750414 ਵੋਟਰਾਂ ’ਚੋਂ 399479 ਮਰਦ ਅਤੇ 350899 ਔਰਤ ਵੋਟਰ, 2868 ਸਰਵਿਸ ਵੋਟਰਾਂ ਤੇ 36 ਤੀਜੇ ਲਿੰਗ ਵਾਲੇ 36 ਵੋਟਰ ਹਨ। ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਾਸਤੇ ਸੈਕਟਰ ਅਫ਼ਸਰ, ਸਟੈਟਿਕ ਸਰਵੇਲੈਂਸ ਟੀਮਾਂ ਅਤੇ ਫਲਾਇੰਗ ਸਕੁਐਡ ਅਤੇ ਹੋਰ ਟੀਮਾਂ ਨੂੰ ਕਾਰਜਸ਼ੀਲ ਕਰ ਦਿੱਤਾ ਗਿਆ ਹੈ।
ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ: ਡੀਸੀ
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਜਾਰੀ ਹੋਣ ਮਗਰੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰਪਾਲ ਨੇ ਅੱਜ ਬਚਤ ਭਵਨ ਮਾਨਸਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ, ਜਿਸ ਦੇ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਮਿਲਣ ਵਾਲੀਆਂ ਹਦਾਇਤਾਂ ਨੂੰ ਜ਼ਿਲ੍ਹਾ ਪੱਧਰ ’ਤੇ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸੇ ਦੌਰਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੋਗਤਾ 1 ਜਨਵਰੀ 2022 ਦੇ ਆਧਾਰ ’ਤੇ ਤਿਆਰ ਕੀਤੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨਾਂ ਦੇ ਅਨੁਸਾਰ ਜ਼ਿਲ੍ਹੇ ਅੰਦਰ ਕੁੱਲ 5 ਲੱਖ 92 ਹਜ਼ਾਰ 838 ਵੋਟਰ ਹਨ ਅਤੇ ਕੁੱਲ 645 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਅੰਤਿਮ ਪ੍ਰਕਾਸ਼ਿਤ ਕੀਤੀ ਵੋਟਰ ਸੂਚੀ ਦੀ ਆਪਣੇ ਪੱਧਰ ’ਤੇ ਜਾਂ ਆਪਣੇ ਵਰਕਰਾਂ ਰਾਹੀਂ ਮੁਕੰਮਲ ਪੜਤਾਲ ਕਰਵਾ ਲੈਣ।
ਚੋਣਾਂ ਸਬੰਧੀ ਨਿਯੁਕਤ ਅਮਲੇ ਦੀ ਮੁਕੰਮਲ ਵੈਕਸੀਨੇਸ਼ਨ ਜ਼ਰੂਰੀ
ਮਾਨਸਾ (ਪੱਤਰ ਪ੍ਰੇਰਕ): ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਲਈ ਨਿਯੁਕਤ ਕੀਤੇ ਜਾਣੇ ਵਾਲੇ ਸਟਾਫ਼ ਦੀ ਮੁਕੰਮਲ ਕੋਵਿਡ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ 10 ਜਨਵਰੀ ਨੂੰ ਸਵੇਰੇ 9 ਵਜੇ ਬੱਚਤ ਭਵਨ ਮਾਨਸਾ ਵਿੱਚ ਵੈਕਸੀਨੇਸ਼ਨ ਕੈਂਪ ਦਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਸਿੰਗਲ ਡੋਜ਼ ਲੱਗੀ ਹੈ, ਉਨ੍ਹਾਂ ਦੇ ਦੂਜੀ ਡੋਜ਼ ਲਾਈ ਜਾਵੇਗੀ ਅਤੇ ਜਿਹੜੇ ਕਰਮਚਾਰੀਆਂ ਦੇ ਹਾਲੇ ਤੱਕ ਵੈਕਸੀਨ ਨਹੀਂ ਲੱਗੀ, ਉਨ੍ਹਾਂ ਦੇ ਪਹਿਲੀ ਡੋਜ਼ ਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਦੀ ਪਹਿਲੀ ਟਰੇਨਿੰਗ ਸਮੇਂ ਮੁਕੰਮਲ ਵੈਕਸੀਨੇਸ਼ਨ ਦਾ ਸਰਟੀਫਿਕੇਟ ਲਿਆ ਜਾਵੇਗਾ।