ਖੇਤਰੀ ਪ੍ਰਤੀਨਿਧ
ਬਨੂੜ, 25 ਸਤੰਬਰ
ਇਲਾਕੇ ਦੇ 23 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਲੇ ਪਾਵਰਕੌਮ ਦੇ ਖੇੜਾ ਗੱਜੂ ਬਿਜਲੀ ਘਰ ਦੀ ਇਮਾਰਤ ਖੁਦ ਵਿਘਨ ਵਿੱਚ ਘਿਰੀ ਹੋਈ ਹੈ। ਮੀਂਹ ਕਾਰਨ ਥਾਂ-ਥਾਂ ਤੋਂ ਚੋਅ ਰਹੀ ਇਮਾਰਤ ਹੇਠਲੀ ਬਿਜਲੀ ਮਸ਼ੀਨਰੀ ਨੂੰ ਪਾਣੀ ਲੱਗਣ ਤੋਂ ਬਚਾਉਣ ਲਈ ਗਰਿੱਡ ਵਿੱਚ ਤਾਇਨਾਤ ਕਰਮਚਾਰੀ ਤਰਪਾਲਾਂ ਦਾ ਸਹਾਰਾ ਲੈ ਰਹੇ ਹਨ। ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਆਗੂ ਗਰਿੱਡ ਦੀ ਖਸਤਾ ਹਾਲਤ ਸਬੰਧੀ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਵਿਭਾਗ ਦੇ ਐਕਸੀਅਨ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਗਰਿੱਡ ਦੀ ਮੌਜੂਦਾ ਇਮਾਰਤ ਪਹਿਲਾਂ ਇੱਥੋਂ ਨਿਕਲ ਰਹੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਦਫ਼ਤਰ ਸੀ। ਨਹਿਰ ਸਬੰਧੀ ਵਿਵਾਦ ਹੋਣ ਮਗਰੋਂ ਪਾਵਰਕੌਮ ਨੇ ਨਵੀਂ ਇਮਾਰਤ ਦੀ ਉਸਾਰੀ ਕਰਾਉਣ ਦੀ ਥਾਂ ਇਸੇ ਇਮਾਰਤ ਵਿੱਚ ਗਰਿੱਡ ਬਣਾ ਲਿਆ। ਕਰਮਚਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਦੀ ਮੁਰੰਮਤ ਕਰਮਚਾਰੀਆਂ ਨੂੰ ਆਪਣੇ ਪੱਲਿਉਂ ਪੈਸੇ ਇਕੱਤਰ ਕਰਕੇ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਖਪਤਕਾਰ ਦੇ ਬੈਠਣ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਬਿਜਲੀ ਕਰਮਚਾਰੀਆਂ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਖੇੜਾ ਗੱਜੂ ਗਰਿੱਡ ਦੀ ਖਸਤਾ ਹਾਲਤ ਵਿੱਚ ਸੁਧਾਰ ਕਰਕੇ ਨਵੀਂ ਇਮਾਰਤ ਦੀ ਉਸਾਰੀ ਕਰਾਏ ਜਾਣ ਦੀ ਮੰਗ ਕੀਤੀ ਹੈ।