ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਨਵੰਬਰ
ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਸੈਮੀ ਕੰਡਕਟਰ ਰਿਸਰਚ ਸੈਂਟਰ ਲਗਪਗ ਤਿਆਰ ਹੋ ਗਿਆ ਹੈ। ਪੈਕ ਅਧਿਕਾਰੀਆਂ ਨੇ ਇਸ ਕੇਂਦਰ ਨੂੰ 10 ਨਵੰਬਰ ਤਕ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਇਹ ਕੌਮੀ ਪੱਧਰ ਦਾ ਕੇਂਦਰ ਵਿਦਿਆਰਥੀਆਂ ਲਈ ਖੋਜ ਦੇ ਵਧੇਰੇ ਮੌਕੇ ਪ੍ਰਦਾਨ ਕਰੇਗਾ। ਇਹ ਕੇਂਦਰ ਪੰਜ ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਜਿਸ ਵਿਚ ਨਿੱਜੀ ਕੰਪਨੀਆਂ ਵੀ ਆਪਣੀਆਂ ਐਪਲੀਕੇਸ਼ਨਜ਼ ਤਿਆਰ ਕਰ ਸਕਣਗੀਆਂ। ਇਸ ਦਾ ਉਦਘਾਟਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਕੀਤਾ ਜਾਵੇਗਾ। ਪੈੱਕ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਖੋਜ ਕੇਂਦਰ ਨੂੰ ਕਲੀਨ ਰੂਮ ਲੈਬ ਦਾ ਨਾਂ ਦਿੱਤਾ ਗਿਆ ਹੈ। ਭਾਰਤ ਵਿਚ ਅਜਿਹੀ ਲੈਬ ਪਹਿਲਾਂ ਆਈਆਈਟੀ ਦਿੱਲੀ ਤੇ ਆਈਆਈਟੀ ਮੰਡੀ ਵਿਚ ਸਥਿਤ ਹੈ। ਇਸ ਲੈਬ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਮੁੰਬਈ ਦੀ ਕੰਪਨੀ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੈੱਕ ਆਪਣੇ ਸਥਾਪਨਾ ਦੇ ਸੌ ਸਾਲਾ ਜਸ਼ਨ ਮਨਾ ਰਿਹਾ ਹੈ ਤੇ ਪੈੱਕ ਦਾ ਸਥਾਪਨਾ ਦਿਵਸ 10 ਨਵੰਬਰ ਨੂੰ ਹੈ ਪਰ ਰਾਸ਼ਟਰਪਤੀ ਦੇ ਰੁਝੇਵਿਆਂ ਕਾਰਨ ਇਸ ਦੇ ਉਦਘਾਟਨ ਦਾ ਸਮਾਗਮ 16 ਨਵੰਬਰ ਨੂੰ ਰੱਖਿਆ ਗਿਆ ਹੈ। ਇਸ ਲੈਬ ਵਿਚ ਮੋਬਾਈਲ ਫੋਨ ਦੇ ਅੰਦਰੂਨੀ ਪੁਰਜ਼ੇ ਤਿਆਰ ਕੀਤੇ ਜਾਣਗੇ। ਇਸ ਤੋਂ ਇਲਾਵਾ ਇਥੇ ਫੌਜ ਤੇ ਪੁਲਾੜ ਨਾਲ ਸਬੰਧਤ ਉਪਕਰਣ ਵੀ ਤਿਆਰ ਹੋਣਗੇ। ਇਸ ਲੈਬ ਵਿਚ ਪੀਐਚਡੀ ਤੇ ਹੋਰ ਸਕਾਲਰ ਆਪਣੇ ਤਜਰਬੇ ਕਰਨਗੇ ਤੇ ਇਹ ਲੈਬ ਦੇਸ਼ ਭਰ ਦੀਆਂ ਮੋਹਰੀ ਲੈਬਜ਼ ਵਿਚ ਸ਼ੁਮਾਰ ਹੋਵੇਗੀ।