ਬਹਾਦਰ ਸਿੰਘ ਮਰਦਾਂਪੁਰ
ਘਨੌਰ, 12 ਦਸੰਬਰ
ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਅੱਜ ਦੂਜੇ ਦਿਨ ਵੀ ਪਰਤਣਾ ਜਾਰੀ ਰਿਹਾ। ਅੱਜ ਦੇਰ ਸ਼ਾਮ ਸ਼ੰਭੂ ਬੈਰੀਅਰ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਦੇ ਵੱਡੇ ਕਾਫਲੇ ਨਾਲ ਪੰਜਾਬ ਖੇਤਰ ਵਿੱਚ ਪ੍ਰਵੇਸ਼ ਕੀਤਾ।
ਇਸ ਮੌਕੇ ਜਗਜੀਤ ਸਿੰਘ ਖਾਲਸਾ, ਰਣਵੀਰ ਸਿੰਘ ਹਰਪਾਲਪੁਰ, ਬਲਜਿੰਦਰ ਸਿੰਘ ਸੰਧੂ ਨਰੜੂ, ਹਰਪ੍ਰੀਤ ਸਿੰਘ ਸਿੰਮੀ ਅਤੇ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਸਮੇਤ ਹੋਰ ਲੋਕਾਂ ਵੱਲੋਂ ਕਿਸਾਨ ”ਫਤਿਹ ਮਾਰਚ” ਦਾ ਸ਼ਾਨੋ ਸ਼ੋਕਤ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਭਗਵਾਨ ਸਿੰਘ ਨਾਮਧਾਰੀ ਟੀਐਸ ਟੇਲਰਜ਼ ਜ਼ੀਰਕਪੁਰ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਸਾਢੇ ਤਿੰਨ ਕਿੱਲੋ (3 ਕਿੱਲੋ 500 ਗ੍ਰਾਮ) ਭਾਰ ਦਾ ਚਾਂਦੀ ਦਾ ਹਲ ਭੇਟ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਚੜੂਨੀ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ ਗਿਆ। ਸ਼ੰਭੂ ਬੈਰੀਅਰ ਤੇ ਕਿਸਾਨ ਮਜ਼ਦੂਰ ਏਕਤਾ ਅਤੇ ਜਿੱਤ ਨੂੰ ਸਮਰਪਿਤ ਨਾਅਰੇ ਤੇ ਜੈਕਾਰੇ ਲੱਗਦੇ ਰਹੇ। ਲੋਕ ਭੰਗੜੇ ਪਾ ਰਹੇ ਸਨ। ਵੱਡੇ ਪੱਧਰ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ ਵੱਖ ਪਕਵਾਨਾਂ ਅਤੇ ਫਲਾਂ ਦੇ ਲੰਗਰ ਲਗਾਏ ਗਏ। ਦੇਰ ਰਾਤ ਤੱਕ ਬੈਰੀਅਰ ’ਤੇ ਮੇਲੇ ਵਰਗਾ ਮਾਹੌਲ ਸੀ। ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਰਚਾ ਜਿੱਤਣ ਨਾਲ ਹਿਰਦੇ ਵਿੱਚ ਵੱਡੀ ਖੁਸ਼ੀ ਹੈ। ਇਹ ਖੇਤ ਮਜ਼ਦੂਰਾਂ, ਕਿਸਾਨਾਂ, ਕਿਰਤੀਆਂ ਦੀ ਫਤਹਿ ਹੋਈ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਨਿਆਂ ਹਾਸਲ ਕਰਨ ਵਾਲਾ ਮੋਰਚਾ ਵੀ ਫਤਹਿ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੋਰਚੇ ਵਿੱਚ ਸ਼ਹੀਦ ਹੋਏ 700 ਤੋਂ ਵੱਧ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।