ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 21 ਅਗਸਤ
ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਕਰੋੜਾਂ ਰੁਪਏ ਖ਼ਰਚ ਕਰਨ ਉਪਰੰਤ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਮੁੱਢਲਾ ਢਾਂਚਾ ਜਦੋਂ ਬਣ ਕੇ ਲਗਭਗ ਤਿਆਰ ਹੋ ਚੁੱਕਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਹਵਾਈ ਅੱਡਾ ਅਥਾਰਿਟੀ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਹੁਣ ਅੱਖ ਖੁੱਲ੍ਹੀ ਹੈ। ਇਸ ਹਵਾਈ ਅੱਡੇ ਕਾਰਨ ਇਲਾਕੇ ਵਿਚ ਪਾਣੀ, ਹਵਾ ਅਤੇ ਅਵਾਜ਼ ਦੇ ਪ੍ਰਦੂਸ਼ਣ ਦੇ ਅਸਰ ਬਾਰੇ ਮੁਲਾਂਕਣ ਕਰਨ ਲਈ ਭਲਕੇ ਪਿੰਡ ਐਤੀਆਣਾ ਵਿੱਚ ਕੈਂਪ ਲਾਉਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਅਤੇ ਭਾਰਤੀ ਹਵਾਈ ਅੱਡਾ ਅਥਾਰਿਟੀ ਵੱਲੋਂ ਇਸ ਸਾਂਝੇ ਪ੍ਰਾਜੈਕਟ ਲਈ ਸਮਝੌਤਾ ਵੀ ਸਹੀਬੱਧ ਕੀਤਾ ਗਿਆ ਸੀ। ਪਿੰਡ ਐਤੀਆਣਾ ਦੇ ਕਿਸਾਨਾਂ ਤੋਂ 162 ਏਕੜ ਜ਼ਮੀਨ ਗ੍ਰਹਿਣ ਕੀਤੀ ਜਾ ਚੁੱਕੀ ਹੈ, ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਕਰੋੜਾਂ ਰੁਪਏ ਖ਼ਰਚ ਕੇ ਚਾਰਦੀਵਾਰੀ, ਕਰੀਬ 5 ਕਿੱਲੋਮੀਟਰ ਲੰਬਾ ਪਹੁੰਚ ਮਾਰਗ, ਐਪਰਨ, ਟਰਮੀਨਲ ਦਾ ਮੁੱਢਲਾ ਅਧਾਰ ਢਾਂਚਾ ਅਤੇ ਅੰਦਰੂਨੀ ਸੜਕਾਂ ਬਣਾਉਣ ਲਈ ਮੁੱਢਲਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਮੁਆਵਜ਼ੇ ਤੋਂ ਨਾਖ਼ੁਸ਼ ਕਈ ਕਿਸਾਨਾਂ ਨੇ ਗਲਾਡਾ ਅਧਿਕਾਰੀਆਂ ਵੱਲੋਂ ਜ਼ਮੀਨਾਂ ਦੀ ਕੀਮਤ ਤਹਿ ਕਰਨ ਲਈ ਜਾਰੀ ਕੀਤੇ ਅਵਾਰਡਾਂ ਵਿਰੁੱਧ ਅਦਾਲਤਾਂ ਦਾ ਰੁੱਖ ਵੀ ਅਖ਼ਤਿਆਰ ਕੀਤਾ ਹੈ। ਜੇਕਰ ਹੁਣ ਇਲਾਕੇ ਦੇ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਕੋਈ ਇਤਰਾਜ਼ ਲਾ ਦਿੱਤਾ ਗਿਆ ਤਾਂ ਪਹਿਲਾਂ ਖ਼ਰਚੇ ਕਰੋੜਾਂ ਰੁਪਏ ਦਾ ਕੀ ਬਣੇਗਾ, ਇਹ ਸਵਾਲ ਹੁਣ ਲੋਕਾਂ ਦੀ ਜ਼ੁਬਾਨ ’ਤੇ ਹੈ। ਇਸ ਬਾਰੇ ਅੱਜ ਛੁੱਟੀ ਹੋਣ ਕਾਰਨ ਕਿਸੇ ਅਧਿਕਾਰੀ ਦਾ ਪੱਖ ਨਹੀਂ ਮਿਲ ਸਕਿਆ।