ਡਾ. ਸਾਹਿਬ ਸਿੰਘ
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਾਹਿਤਕਾਰ ਮਨੁੱਖੀ ਕੋਣ ’ਤੇ ਖੜ੍ਹ ਕੇ ਇਸ ਦੁਹਰਾਓ ਦੇ ਕਾਰਨ, ਪ੍ਰਾਪਤੀਆਂ, ਗੁੰਝਲਾਂ ਤੇ ਪ੍ਰਭਾਵ ਅੰਕਿਤ ਕਰਦਾ ਹੈ। ਰੰਗਮੰਚ ਇਸ ਨੂੰ ਸਜੀਵ ਰੂਪ ’ਚ ਪੇਸ਼ ਕਰਕੇ ਸੁੱਤੀਆਂ ਸੰਵੇਦਨਾਵਾਂ ਜਗਾਉਂਦਾ ਹੈ। ਅੱਜ ਪੰਜਾਬ ਦੀ ਫਿਜ਼ਾ ’ਤੇ ਕੁਰਸੀ ਯੁੱਧ ਛਾਇਆ ਹੋਇਆ ਹੈ। ਸੱਤਾ ਦੇ ਪਹਿਲਵਾਨ ਇਕ ਦੂਜੇ ਦੀ ਪਿੱਠ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਲੱਗਾ ਇਕ ਮੋਰਚਾ ਇਸ ਕੁਰਸੀ ਯੁੱਧ ਦੇ ਕੇਂਦਰ ’ਚ ਖੜ੍ਹਾ ਹੈ… ਤੇ ਲੋਕ ਜੋ ਹਵਾ ’ਚ ਲਟਕੇ ਹੋਏ ਹਨ, ਆਪਣੇ ਪੈਰ ਧਰਤੀ ’ਤੇ ਟਿਕਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ।
ਜਦੋਂ ਕਿਸਾਨ ਅੰਦੋਲਨ ਭਖਿਆ ਹੋਇਆ ਸੀ… ਸਿਖਰਾਂ ਛੋਹ ਰਿਹਾ ਸੀ.. ਸਰਕਾਰ ਦੀ ਨੀਂਦ ਹਰਾਮ ਸੀ, ਸਾਰੇ ਪੰਜਾਬੀ ਇਸ ਅੰਦੋਲਨ ਦੀ ਗਰਮੀ ਮਹਿਸੂਸ ਕਰ ਰਹੇ ਸਨ ਤੇ ਜਿੱਤ ਨੇੜੇ ਦਿਖਾਈ ਦੇ ਰਹੀ ਸੀ। ਫੇਰ ਅਚਾਨਕ ‘ਅਦਬ ਬੇਅਦਬ’ ਹੋ ਗਿਆ। ‘ਕਿਸਾਨਾਂ ਦੀ ਵੱਡੀ ਗਿਣਤੀ ਸਿੱਖ ਹੈ, ਸਿੱਖਾਂ ਦੀ ਵੱਡੀ ਗਿਣਤੀ ਕਿਸਾਨ ਹੈ।’ ਹਾਕਮ ਇਹ ਸੱਚ ਜਾਣਦਾ ਹੈ। ਅੰਦੋਲਨ ਲੀਹੋਂ ਲਹਿ ਗਿਆ। ਮੋਰਚਾ ਲੱਗ ਗਿਆ। ਹਾਕਮ ਦੇ ਮਹਿਲਾਂ ’ਚ ਧਮੱਚੜ ਪਿਆ ਤੇ ਸਾਧਾਰਨ ਪੰਜਾਬੀ ਹਵਾ ’ਚ ਲਟਕ ਗਿਆ। ਹੁਣ ਕਿਸਾਨ ਅੰਦੋਲਨ ਵਿਸ਼ਾਲ ਰੂਪ ’ਚ ਉਜਾਗਰ ਹੋ ਗਿਆ ਹੈ। ਜਨ ਅੰਦੋਲਨ ਬਣ ਗਿਆ ਹੈ। ਮੀਂਹ, ਹਨੇਰੀ, ਠੰਢ, ਗਰਮੀ ਨੂੰ ਟੱਕਰ ਦਿੰਦਾ ਹੋਇਆ ਹਕੂਮਤ ਤੇ ਸਰਮਾਏਦਾਰਾਂ ਨੂੰ ਸਬਰ, ਸਿਦਕ, ਸਿਆਣਪ ਨਾਲ ਵੰਗਾਰ ਰਿਹਾ ਹੈ। ਪੰਜਾਬੀਆਂ ਦੇ ਦਿਲਾਂ ’ਚ ਖਾਸ ਤੌਰ ’ਤੇ ਇਹ ਅੰਦੋਲਨ ਥਾਂ ਮੱਲੀ ਬੈਠਾ ਹੈ, ਪਰ ਰਾਜਨੀਤੀ ਦੇ ਫ਼ਿਕਰ ਕੁਝ ਹੋਰ ਹਨ। ਕਿਸ ਵਰਗ ਨੂੰ ਕਿਹੜਾ ਲਾਰਾ ਪਰੋਸਣਾ ਹੈ, ਸਦੀਆਂ ਤੋਂ ਦੱਬੇ ਕੁਚਲੇ ਦਲਿਤ ਦਮਿਤ ਵਰਗ ਨੂੰ ਕੁਰਸੀ ਦਾ ਅੱਧਾ ਪੌਡਾ ਭੇਂਟ ਕਰਨ ਦਾ ਲਾਲਚ ਦੇਣਾ ਹੈ, ਨਵੀਆਂ ਸਹੁੰਆਂ ਖਾਣੀਆਂ ਹਨ, ਸਾਧਾਰਨ ਮਨੁੱਖ ਨੂੰ ਅਚੰਭਿਤ ਕਰਨਾ ਹੈ, ਸਿਆਸੀ ਦਮਗਜੇ ਮਾਰਨੇ ਹਨ ਤੇ ਨਿੱਤ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਟਪੂਸੀਆਂ ਮਾਰਨੀਆਂ ਹਨ। ਇਸ ਸਭ ਕੁਝ ਦਰਮਿਆਨ ਧਰਮ ਦਾ ਪੱਤਾ ਖੇਡਣ ਵਾਲੀਆਂ ‘ਮੋਰਚਾ ਪਸੰਦ’ ਤਾਕਤਾਂ ਵੀ ਸਰਗਰਮ ਹਨ। ਲੋਕਾਂ ਨੂੰ ਹਵਾ ’ਚ ਟੰਗ ਦੇਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਹਨ। ਰੰਗਮੰਚ ਦੀ ਪਿੱਠ ਭੂਮੀ ਤੋਂ ਆਵਾਜ਼ ਉੱਚੀ ਹੁੰਦੀ ਹੈ… ਪਿਆਰੇ ਦਰਸ਼ਕੋ! ਏਹ ਗੱਲ ਉੱਨੀ ਸੌ ਤਰਾਸੀ ਦੀ ਹੈ:
‘ਇਹ ਨਾਟਕ (ਕੁਰਸੀ, ਮੋਰਚਾ ਤੇ ਹਵਾ ’ਚ ਲਟਕਦੇ ਲੋਕ) ਉਸ ਵੇਲੇ ਦਾ ਹੈ ਜਦੋਂ ਪੰਜਾਂ ਪਾਣੀਆਂ ਦੀ ਧਰਤੀ ਨੂੰ, ਜੋ ਹੁਣ ਤਿੰਨਾਂ ਪਾਣੀਆਂ ਦੀ ਧਰਤੀ ਰਹਿ ਗਈ ਹੈ, ਅੱਗ ਲੱਗੀ ਹੋਈ ਸੀ। ਇਸ ਨਾਟਕ ਦੇ ਪਾਤਰ ਹਨ…ਕੁਰਸੀ ਵਾਲਾ, ਮੰਜੀ ਵਾਲਾ ਤੇ ਹਵਾ ’ਚ ਲਟਕ ਰਹੇ ਕੁਝ ਮਨੁੱਖ। ਕੁਰਸੀ ਵਾਲਾ ਮੁੱਖ ਪਾਤਰ ਹੈ। ਮੰਜੀ ਵਾਲਾ ਪ੍ਰਮੁੱਖ ਪਾਤਰ ਹੈ। ਕੁਰਸੀ ਤੇ ਮੰਜੀ ਦੀ ਲੜਾਈ ਹੈ। ਇਸ ਲਈ ਇਨ੍ਹਾਂ ਦੇ ਮੂੰਹ ਵੀ ਵੱਖ ਵੱਖ ਪਾਸੇ ਹਨ। ਮੁੱਖ ਤੇ ਪ੍ਰਮੁੱਖ ਭਾਵੇਂ ਆਪਸ ਵਿਚ ਅੱਜਕੱਲ੍ਹ ਰੁੱਸੇ ਹੋਏ ਹਨ, ਪਰ ਇਨ੍ਹਾਂ ਦੇ ਆਪਸੀ ਰਿਸ਼ਤੇ ਬੜੇ ਡੂੰਘੇ ਹਨ। ਨਾਟਕ ਦਾ ਪਿੜ ਵਿਸ਼ਾਲ ਧਰਤੀ ਹੈ, ਪਰ ਇਸ ਪਲ ਇਹ ਸੁੰਗੜ ਕੇ ਸਟੇਜ ’ਤੇ ਪੁੱਜ ਗਿਆ ਹੈ।’ ਭਾਅ ਗੁਰਸ਼ਰਨ ਸਿੰਘ ਦੀ ਰੰਗਮੰਚੀ ਵਿਉਂਤਬੰਦੀ ਨੂੰ ਸਮਝਣ ਲਈ ਉਪਰੋਕਤ ਆਖਰੀ ਇਕ ਸਤਰ ਸਹਾਈ ਹੋ ਜਾਂਦੀ ਹੈ। ਇਸ ਇਕ ਵਾਕ ਰਾਹੀਂ ਜਿੱਥੇ ਉਹ ਆਪਣੇ ਵਿਸ਼ੇ ਨੂੰ ਧਰਤੀ ਦੇ ਇਕ ਟੋਟੇ ਤੋਂ ਚੁੱਕ ਕੇ ਵਿਸ਼ਾਲ ਅਰਥ ਦੇ ਦਿੰਦਾ ਹੈ, ਉੱਥੇ ਮੰਚ ਸੱਜਾ ਦੀ ਸਾਦੀ ਡਿਜ਼ਾਈਨਿੰਗ ਨੂੰ ਵੀ ਸਿੱਕੇਬੰਦ ਕਰ ਦਿੰਦਾ ਹੈ। ਹੁਣ ਦਰਸ਼ਕ ਨੇ ਮੰਚ ’ਤੇ ਡਹੀ ਇਕ ਕੁਰਸੀ ਤੇ ਮੰਜੇ ਰਾਹੀਂ ਹੀ ਨਾਟਕ ਦਾ ਭਰਪੂਰ ਸੈੱਟ ਕਲਪਿਤ ਕਰ ਲੈਣਾ ਹੈ, ਉਸ ਦਾ ਸਾਰਾ ਧਿਆਨ ਮੰਚ ’ਤੇ ਹੋ ਰਹੀ ਗਤੀਵਿਧੀ ਤੇ ਵਾਰਤਾਲਾਪ ’ਤੇ ਕੇਂਦਰਤ ਹੋ ਜਾਣਾ ਹੈ।
ਕੁਮੈਂਟਰੀ ਦੌਰਾਨ ਮੋਟੇ ਢਿੱਡਾਂ ਵਾਲੇ ਦੋ ਅਦਾਕਾਰ ਆਪੋ ਆਪਣੀ ਜਗ੍ਹਾ ਗ੍ਰਹਿਣ ਕਰਦੇ ਹਨ।
ਸਾਲ 1983 ’ਚ ਕੀਤੀ ਪਹਿਲੀ ਪੇਸ਼ਕਾਰੀ ਦੌਰਾਨ ਕੁਰਸੀ ਵਾਲਾ ਕੇਵਲ ਧਾਲੀਵਾਲ ਬਣਿਆ ਸੀ ਤੇ ਮੰਜੀ ਵਾਲਾ ਜਸਵੰਤ ਜੱਸ। ਕੁਰਸੀ ਵਾਲੇ ਦੇ ਸਿਰ ’ਤੇ ਚਿੱਟੀ ਪੱਗ ਹੈ, ਮੰਜੀ ਵਾਲੇ ਨੇ ਨੀਲੀ ਪੱਗ ਸਜਾਈ ਹੋਈ ਹੈ। ਦੋਵੇਂ ਸਰੀਰ ਤੋਂ ਭਾਰੇ ਹਨ ਤੇ ਬੈਠਦਿਆਂ ਬੋਝਲ ਹਰਕਤਾਂ ਕਰ ਰਹੇ ਹਨ ਜਿਵੇਂ ਤਾਕਤ ਦੇ ਨਸ਼ੇ ’ਚ ਫਿੱਟੇ ਹੋਏ ਹੋਣ। ਜਿਨ੍ਹਾਂ ਭਾਅ ਗੁਰਸ਼ਰਨ ਸਿੰਘ ਨੂੰ ਖ਼ੁਦ ਮੰਜੀ ਵਾਲਾ ਕਿਰਦਾਰ ਨਿਭਾਉਂਦਿਆਂ ਦੇਖਿਆ ਹੈ, ਉਹ ਜਾਣਦੇ ਹਨ ਕਿ ਵਿਸ਼ੇਸ਼ ਅੰਦਾਜ਼ ਵਾਲੀ ਅਦਾਕਾਰੀ ’ਚ ਉਹ ਅਦਾਕਾਰ ਕਿਵੇਂ ਮੰਚ ’ਤੇ ਖੇਡਦਾ ਸੀ। ਨੀਲੀਆਂ ਅੱਖਾਂ ਹੋਰ ਜ਼ਿਆਦਾ ਸ਼ਰਾਰਤੀ ਹੋ ਜਾਂਦੀਆਂ ਸਨ ਤੇ ਭਾਰੀ ਆਵਾਜ਼ ਜਦੋਂ ਆਪਣੀ ਮਿਕਦਾਰ ਬਦਲ ਬਦਲ ਕੇ ਦਰਸ਼ਕ ਤਕ ਪਹੁੰਚਦੀ ਸੀ ਤਾਂ ਉਸ ਪਾਤਰ ਦੀ ਬੇਸ਼ਰਮੀ ਹੋਰ ਵੱਧ ਉਜਾਗਰ ਹੁੰਦੀ ਸੀ।
ਹੁਣ ਹਵਾ ’ਚ ਲਟਕੇ ਮਨੁੱਖ ਇਕ ਇਕ ਕਰਕੇ ਆਉਣੇ ਸ਼ੁਰੂ ਕਰਦੇ ਹਨ। ਪਹਿਲਾਂ ਸੋਲਾਂ ਜਮਾਤਾਂ ਪੜ੍ਹਿਆ ਬੇਰੁਜ਼ਗਾਰ ਨੌਜਵਾਨ ਤਲਖ਼ ਸਵਾਲ ਕਰਦਾ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਕੁਰਸੀ ਬੋਲਦੀ ਹੈ, ‘ਮੈਂ ਕੁਰਸੀ ’ਤੇ ਬੈਠਾ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਜਣੇ ਖਣੇ ਦਾ ਮੈਂ ਠੇਕਾ ਲਿਆ ਹੈ।’ ਮੰਜੀ ਵਾਲੇ ਕੋਲ ਇਕੋ ਬਹਾਨਾ ਹੈ, ‘ਮੈਂ ਅਜੇ ਮੋਰਚੇ ’ਤੇ ਬੈਠਾ ਹਾਂ!’ 2021 ’ਚ ਬੈਠੇ ਦਰਸ਼ਕ ਨੂੰ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹੇ ਗੱਭਰੂ ਮੁਟਿਆਰਾਂ ਦਿਸਣ ਲੱਗ ਪੈਂਦੇ ਹਨ, ਚੌਕਾਂ ’ਚ ਕੁੱਟ ਖਾਂਦੇ, ਪਾਣੀ ਦੀਆਂ ਬੁਛਾੜਾਂ ਸਹਿੰਦੇ ਬੇਰੁਜ਼ਗਾਰ ਉਹਦੇ ਮਨ ਮੰਚ ’ਤੇ ਖੌਰੂ ਪਾਉਣ ਲੱਗਦੇ ਹਨ। ਇਸ ਤੋਂ ਬਾਅਦ ਮਜ਼ਦੂਰ ਆਉਂਦਾ ਹੈ। ਮਜ਼ਦੂਰਾਂ ਦੀ ਛਾਂਟੀ ਹੋ ਰਹੀ ਹੈ। ਉਨ੍ਹਾਂ ਨੂੰ ਡੈਮ ਬਣਾਉਣ ਲਈ ਭਰਤੀ ਕੀਤਾ ਗਿਆ ਸੀ, ਪਰ ਹੁਣ ਬਹਾਨਾ ਹੈ ਕਿ ਵਰਲਡ ਬੈਂਕ ਤੋਂ ਪੈਸਾ ਨਹੀਂ ਆਇਆ। ਚੁਸਤ ਤੇ ਦਿਲਚਸਪ ਵਾਰਤਾਲਾਪ ਦਾ ਸੇਕ ਮਹਿਸੂਸ ਕਰੋ:
ਖੱਦਰਧਾਰੀ: ਸਰਕਾਰ ਕੋਲ ਪੈਸਾ ਨਹੀਂ
ਮਜ਼ਦੂਰ : ਜਿੰਨਾ ਪੈਸਾ ਹੈ, ਵੰਡ ਕੇ ਖਾਈਏ!
ਖੱਦਰਧਾਰੀ: ਇਹ ਹਾਲੇ ਇਸ ਦੇਸ਼ ਦਾ ਦਸਤੂਰ ਨਹੀਂ!
ਮਜ਼ਦੂਰ: ਪਰ ਇਹ ਕਿੱਥੋਂ ਦਾ ਦਸਤੂਰ ਹੈ ਕਿ ਕੁਝ ਭੁੱਖੇ ਰਹਿਣ ਤੇ ਕੁਝ ਅਯਾਸ਼ੀ ਕਰਨ! ਕਿਉਂ ਗਿਆਨੀ ਜੀ?
ਗਿਆਨੀ: ਹਾਂ ਦਸਤੂਰ ਤਾਂ ਚੰਗਾ ਨਹੀਂ, ਪਰ ਹਾਲੇ ਅਸੀਂ ਇਸ ਵਿਚ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਹਾਲੇ ਮੋਰਚੇ ’ਤੇ ਬੈਠੇ ਹਾਂ।
ਇਸ ਤੋਂ ਬਾਅਦ ਇਕ ਗ਼ਰੀਬੜਾ ਆਉਂਦਾ ਹੈ ਜਿਸ ਦੀ ਧੀ ਦੀ ਇੱਜ਼ਤ ਵੱਡੇ ਘਰਾਂ ਦੇ ਕਾਕਿਆਂ ਨੇ ਲੁੱਟ ਲਈ ਹੈ। ਪਰ ਗ਼ਰੀਬਾਂ ਦੀ ਇੱਜ਼ਤ ਬਹਾਲੀ ਦਾ ਕੋਈ ਰਾਹ ਨਾ ਕੁਰਸੀ ਕੋਲ ਹੈ, ਨਾ ਮੋਰਚੇ ਕੋਲ! ਉਹ ਰੋਂਦਾ ਪਿੱਟਦਾ ਚਲਾ ਜਾਂਦਾ ਹੈ। ਫਿਰ ਕਿਸਾਨ ਆਉਂਦਾ ਹੈ। ਉਹ ਚੰਗਾ ਬੀਜ, ਖਾਦ, ਪਾਣੀ, ਬਿਜਲੀ, ਮੰਡੀਆਂ ’ਚ ਹੁੰਦੀ ਖੱਜਲ ਖੁਆਰੀ ਦਾ ਦੁਖੜਾ ਸੁਣਾਉਂਦਾ ਹੈ, ਪਰ ਕੁਰਸੀ ਕੋਲ ਸਿਰਫ਼ ਜੁਮਲੇ ਹਨ, ਮੋਰਚੇ ਕੋਲ ਇਕੋ ਜਵਾਬ ਹੈ, ‘ਮੋਰਚਾ ਜਿੱਤ ਲਈਏ! ਫਿਰ ਸਾਰੀਆਂ ਮੁਸ਼ਕਲਾਂ ਦਾ ਹੱਲ ਆਪਣੇ ਆਪ ਹੋ ਜਾਏਗਾ!’ ਇਸ ਤੋਂ ਬਾਅਦ ਇਕ ਪਾਤਰ ਆ ਕੇ ਬੇਦੋਸ਼ੇ ਕਤਲਾਂ ਦਾ ਦਰਦ ਪੇਸ਼ ਕਰਦਾ ਹੈ, ਪਰ ਕੁਰਸੀ ਤੇ ਮੋਰਚਾ ਆਪਸ ਵਿਚ ਖਹਬਿੜਨ ਲੱਗਦੇ ਹਨ, ਤੋਹਮਤਬਾਜ਼ੀ ’ਤੇ ਉਤਰ ਆਉਂਦੇ ਹਨ। ਚਿੱਟਾ ਚੋਰ, ਨੀਲਾ ਮੋਰ ਦੇ ਮਿਹਣੇ ਵੱਜਣ ਲੱਗਦੇ ਹਨ। ਵਿਅਕਤੀ ਚਲਾ ਜਾਂਦਾ ਹੈ।
ਹੁਣ ਕੁਰਸੀ ਤੇ ਮੋਰਚਾ ਗੰਭੀਰ ਹਨ। ਇਸ ਅੰਦੋਲਨ ਵਾਂਗ ਭਖਵੇਂ ਮਾਹੌਲ ਤੋਂ ਘਬਰਾਏ ਹੋਏ ਹਨ ਤੇ ਇਕ ਦੂਜੇ ਵੱਲ ਮੂੰਹ ਕਰ ਲੈਂਦੇ ਹਨ:
ਗਿਆਨੀ: ਲੋਕਾਂ ਦਾ ਹੜ੍ਹ ਜਦ ਵੀ ਤੇਰੀ ਕੁਰਸੀ ਵੱਲ ਵੱਧਦਾ, ਮੈਂ ਉਹਦਾ ਮੁਹਾਣ ਬਦਲਦਾ ਰਿਹਾ… ਤੇਰੀ ਕੁਰਸੀ ਬਚਦੀ ਰਹੀ।
ਖੱਦਰਧਾਰੀ: ਤੇਰੀ ਮੰਜੀ ਵੀ ਤਾਂ ਬਚੀ ਰਹੀ!
ਗਿਆਨੀ: ਹੁਣ ਥੋੜ੍ਹੀ ਦੇਰ ਮੈਨੂੰ ਵੀ ਕੁਰਸੀ ’ਤੇ ਬੈਠ ਲੈਣ ਦੇ
ਖੱਦਰਧਾਰੀ: ਪਰ ਕੁਰਸੀ ਦੀ ਸ਼ਾਨ ਲਈ ਜ਼ਰੂਰੀ ਹੈ ਕਿ ਤੇਰੇ ਸਿਰ ’ਤੇ ਚਿੱਟੀ ਪੱਗ ਹੋਵੇ!
ਦੋਵੇਂ ਪੱਗ ਵਟਾਉਣ ਦਾ ਫ਼ੈਸਲਾ ਕਰਦੇ ਹਨ। ਬਦਲੀਆਂ ਹੋਈਆਂ ਪੱਗਾਂ ਦਾ ਪਹਿਲਾ ਲੜ ਹੀ ਬੰਨ੍ਹਣ ਲੱਗਦੇ ਹਨ ਤਾਂ ਹਵਾ ’ਚ ਲਟਕਦੇ ਪਾਤਰ ਆ ਧਮਕਦੇ ਹਨ, ਲਾਹਨਤਾਂ ਪਾਉਂਦੇ ਹਨ, ਧੋਖਾ ਉਜਾਗਰ ਹੁੰਦਾ ਹੈ, ਪੱਗਾਂ ਦੇ ਖੁੱਲ੍ਹੇ ਲੜ ਉਨ੍ਹਾਂ ਦੇ ਗਲੇ ’ਚ ਪਾ ਲੈਂਦੇ ਹਨ… ਤੇ ਦੋਵੇਂ ਪਾਸੇ ਖਿੱਚਦੇ ਹਨ: ਪਿੱਛੋਂ ਆਵਾਜ਼ ਉੱਭਰਦੀ ਹੈ:
ਅਸਾਂ ਬਹੁਤ ਚਿਰ ਛਿੱਲ ਲੁਹਾ ਕੇ ਆਪਣੀ
ਤੁਹਾਡੇ ਦੰਭ ਦਾ ਨਾਟ ਵੇਖਿਆ ਹੈ
ਤੇ ਮੁੱਲ ਇਹਦਾ ਬਹੁਤ ਤਾਰਿਆ ਹੈ
ਹੁਣ ਸਾਡਾ ਹੱਕ ਬਣਦਾ ਹੈ
ਪੱਗ ਤੁਹਾਡੀ ਨੂੰ ਹੱਥ ਪਾਉਣ ਦਾ!
ਅੱਜ ਫਿਰ ‘ਦੰਭ ਨਾਟ’ ਚੱਲ ਰਿਹਾ ਹੈ। ਰੰਗਮੰਚ ਹਵਾ ’ਚ ਲਟਕਦੇ ਮਨੁੱਖ ਲਈ ‘ਸੱਚ ਨਾਟ’ ਸਿਰਜ ਰਿਹਾ ਹੈ। ‘ਉਹ’ ਨਹੀਂ ਟਲਦੇ, ਰੰਗਮੰਚ ਵੀ ਆਪਣਾ ਕਿਰਦਾਰ ਨਿਭਾਉਣੋਂ ਨਹੀਂ ਟਲੇਗਾ।
ਸੰਪਰਕ: 98880-11096