ਨਵੀਂ ਦਿੱਲੀ (ਪੱਤਰ ਪ੍ਰੇਰਕ): ਕਰੋਨਾ ਦੀ ਵਿਸ਼ਵਵਿਆਪੀ ਮਹਾਂਮਾਰੀ ਡਰ ਨੇ ਆਪਸੀ ਗੂੜੇ ਰਿਸ਼ਤਿਆਂ ਦਾ ਵੀ ਘਾਣ ਕਰ ਦਿੱਤਾ ਹੈ। ਦਿੱਲੀ ਵਿੱਚ ਤੇ ਦੇਸ਼ ਦੇ ਅਹਿਮ ਸ਼ਹਿਰਾਂ ਵਿੱਚ ਫੈਲੀ ਇਸ ਬਿਮਾਰੀ ਦੇ ਡਰੋਂ ਲੋਕ ਆਪਣਿਆਂ ਤੋਂ ਵੀ ਦੂਰ ਹੋ ਰਹੇ ਹਨ। ਬਿਮਾਰੀ ਦੇ ਡਰੋਂ ਪਰਿਵਾਰਕ ਮੈਂਬਰ ਚਾਹੁੰਦੇ ਹੋਏ ਵੀ ਮ੍ਰਿਤਕਾਂ ਦੇ ਸਸਕਾਰਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ। ਕਈ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਮ੍ਰਿਤਕਾਂ ਦੇ ਸਸਕਾਰ ਕਰ ਰਹੇ ਹਨ ਜਦੋਂ ਕਿ ਕਈ ਪਰਿਵਾਰਾਂ ਦੇ ਮੈਂਬਰ ਲਾਸ਼ਾਂ ਸ਼ਮਸ਼ਾਨ ਘਾਟਾਂ ਵਿੱਚ ਛੱਡ ਜਾਂਦੇ ਹਨ ਤੇ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਨੂੰ ਹੀ ਸਾਰੀਆਂ ਰਸਮਾਂ ਕਰਨ ਲਈ ਆਖ ਦਿੰਦੇ ਹਨ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਜਤਿੰਦਰ ਸਿੰਘ ਸ਼ੰਟੀ ਨੇ ਦੱਸਿਆ ਕਿ ਇੱਕ ਪਰਿਵਾਰ ਆਪਣੇ ਸਕੇ ਰਿਸ਼ਤੇਦਾਰ ਦੀ ਲਾਸ਼ ਸ਼ਮਸ਼ਾਨ ਘਾਟ ਵਿੱਚ ਦੇਰ ਹੋਣ ਕਰਕੇ ਛੱਡ ਗਿਆ ਤੇ ਬਾਅਦ ਵਿੱਚ ਘਰੋਂ ਫੋਨ ਕਰ ਦਿੱਤਾ ਕਿ ਸਸਕਾਰ ਦੀ ਵੀਡੀਓ ਬਣਾ ਕੇ ਭੇਜ ਦੇਣਾ। ਮ੍ਰਿਤਕਾਂ ਨੂੰ ਇੱਜ਼ਤ ਨਾਲ ਸਸਕਾਰ ਵੀ ਨਸੀਬ ਨਹੀਂ ਹੋ ਰਿਹਾ ਤੇ ਆਖ਼ਰੀ ਧਾਰਮਿਕ ਰਸਮਾਂ ਕਰਨ ਵਾਲੇ ਵੀ ਲਾਸ਼ਾਂ ਦੇ ਨੇੜੇ ਆਉਣ ਤੋਂ ਕਤਰਾ ਰਹੇ ਹਨ। ਕਰੋਨਾ ਮਹਾਂਮਾਰੀ ਦੇ ਸਹਿਮ ਦੇ ਮਾਹੌਲ ਦੌਰਾਨ ਦਿੱਲੀ ਪੁਲੀਸ ਨੇ ਅੱਜ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਦੁਆਰਕਾ ਵਿਖੇ ਮਨੁੱਖਤਾ ਦੇ ਆਧਾਰ ‘’ਤੇ ਖ਼ੁਦ ਕਰਵਾਇਆ। ਜੈ ਮਨਤਾਨੀ ਨਾਂ ਦੀ ਕਰੋਨਾ ਕਾਰਨ ਮਾਰੀ ਗਈ ਔਰਤ ਦਾ ਸੈਕਟਰ-24, ਦੁਆਰਕਾ ਵਿਖੇ ਪੁਲੀਸ ਵੱਲੋਂ ਸਸਕਾਰ ਕਰਵਾਇਆ ਗਿਆ ਕਿਉਂਕਿ ਉਸ ਦੀ ਮ੍ਰਿਤਕ ਦੇਹ ਲੈਣ ਲਈ ਕੋਈ ਨਹੀਂ ਆਇਆ।