ਨਵੀਂ ਦਿੱਲੀ, 12 ਦਸੰਬਰ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਰਾਜ ਸਰਕਾਰਾਂ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਕੀ ਉਹ ਸੀਬੀਆਈ ਉਤੇ ਯਕੀਨ ਕਰਦੇ ਹਨ ਜਾਂ ਨਹੀਂ ਕਿਉਂਕਿ ਕਈ ਸੂਬੇ ਕੇਂਦਰੀ ਏਜੰਸੀ ਨੂੰ ਆਪਣੇ ਅਧਿਕਾਰ ਖੇਤਰ ਵਿਚ ਜਾਂਚ ਲਈ ਦਿੱਤੀ ਸਹਿਮਤੀ ਖ਼ਤਮ ਕਰ ਰਹੇ ਹਨ। ਸੂਬੇ ਲੋਕਾਂ ਦੇ ਵਿਰੋਧ ਅੱਗੇ ਝੁਕ ਕੇ ਹੀ ਚੋਣਵੇਂ ਕੇਸਾਂ ਵਿਚ ਜਾਂਚ ਏਜੰਸੀ ਨੂੰ ਸੌਂਪ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਹਿਮਤੀ ਨਾ ਦੇਣ ਬਾਰੇ ਰਾਜ ਮੁੜ ਸੋਚਣ। ਮੰਤਰੀ ਨੇ ਅੱਜ 47 ਸੀਬੀਆਈ ਅਧਿਕਾਰੀਆਂ ਦਾ ਬਿਹਤਰੀਨ ਸੇਵਾਵਾਂ ਲਈ ਪੁਲੀਸ ਮੈਡਲਾਂ ਨਾਲ ਸਨਮਾਨ ਕੀਤਾ। ਸੀਬੀਆਈ ਦੀ ਡਿਪਟੀ ਐੱਸਪੀ ਸੀਮਾ ਪਹੂਜਾ ਜਿਸ ਨੇ ਹਾਥਰਸ ਜਬਰ-ਜਨਾਹ ਕੇਸ ਤੇ ਹਿਮਾਚਲ ਦੇ ਗੁੜੀਆ ਜਬਰ-ਜਨਾਹ ਕੇਸ ਦੀ ਜਾਂਚ ਕੀਤੀ ਸੀ, ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਆਸੀ ਵਰਗ, ਸਮਾਜ ਤੇ ਮੁਲਕ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ, ਕੀ ਇਸ ਤਰ੍ਹਾਂ ਦੀ ਪ੍ਰਣਾਲੀ ਨੂੰ ਲਾਗੂ ਕਰਨਾ ਠੀਕ ਹੋਵੇਗਾ। ਰਾਜਾਂ ਨੂੰ ਇਸ ਬਾਰੇ ਸਪੱਸ਼ਟ ਕਰਨਾ ਹੋਵੇਗਾ ਕਿ ਕੀ ਉਹ ਏਜੰਸੀ ’ਤੇ ਭਰੋਸਾ ਚੋਣਵੇਂ ਕੇਸਾਂ ਵਿਚ ਹੀ ਕਰਨਗੇ। ਜ਼ਿਕਰਯੋਗ ਹੈ ਕਿ ਦਿੱਲੀ ਸਪੈਸ਼ਲ ਪੁਲੀਸ ਐਸਟੈਬਲਿਸ਼ਮੈਂਟ ਐਕਟ ਅਧੀਨ ਸੀਬੀਆਈ ਨੂੰ ਰਾਜ ਦੇ ਅਧਿਕਾਰ ਖੇਤਰ ਵਿਚ ਜਾਂਚ ਤੋਂ ਪਹਿਲਾਂ ਸੂਬੇ ਦੀ ਸਹਿਮਤੀ ਲੈਣੀ ਪੈਂਦੀ ਹੈ। -ਪੀਟੀਆਈ