ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਸਤੰਬਰ
ਪੁਲੀਸ ਕਮਿਸ਼ਨਰੇਟ ਵੱਲੋਂ ਇਥੇ ਸ਼ਹਿਰ ਵਿੱਚ ‘ਸਿਟੀ ਵਿਜ਼ਟਰ ਇਨਫਰਮੇਸ਼ਨ ਐਂਡ ਰਿਕਾਰਡ ਮੈਨੇਜਮੈਂਟ ਸਿਸਟਮ’ (ਸੀਵੀਆਈਆਰਐੱਮਐੱਸ) ਨਾਂ ਦਾ ਪਾਇਲਟ ਪ੍ਰਾਜੈਕਟ ਲਾਂਚ ਕੀਤਾ ਹੈ ਜਿਸ ਰਾਹੀਂ ਇਸ ਪਵਿੱਤਰ ਨਗਰੀ ਵਿੱਚ ਆਉਣ ਵਾਲੇ ਸੈਲਾਨੀਆਂ, ਵਾਹਨਾਂ ਅਤੇ ਕਰਮਚਾਰੀਆਂ ਦੀ ਨਿਗਰਾਨੀ ਤੋਂ ਇਲਾਵਾ ਅਪਰਾਧੀਆਂ ਬਾਰੇ ਵੀ ਪਤਾ ਲੱਗ ਸਕੇਗਾ। ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਉੱਤਰ ਭਾਰਤ ਵਿੱਚ ਅੰਮ੍ਰਿਤਸਰ ਅਜਿਹਾ ਪਹਿਲਾ ਸ਼ਹਿਰ ਬਣ ਜਾਵੇਗਾ ਜਿੱਥੇ ਸੈਲਾਨੀਆਂ, ਵਾਹਨਾਂ ਤੇ ਕਰਮਚਾਰੀਆਂ ਆਦਿ ਦੀ ਨਿਗਰਾਨੀ ਲਈ ਇਹ ਵਿਸ਼ੇਸ਼ ਸਾਫਟਵੇਅਰ ਹੋਵੇਗਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਗੂ ਹੁੰਦਿਆਂ ਹੀ ਸਾਰੇ ਹੋਟਲ, ਪੇਇੰਗ ਗੈਸਟ ਹੋਮਜ਼, ਰੇਹੜੀਆਂ, ਹਥਿਆਰਾਂ ਦੇ ਡੀਲਰ, ਪੁਰਾਣੇ ਵਾਹਨਾਂ ਦੀ ਖਰੀਦੋ-ਫਰੋਖਤ ਕਰਨ ਵਾਲੇ ਡੀਲਰ, ਸੁਰੱਖਿਆ ਏਜੰਸੀਆਂ, ਛੋਟੇ ਉਦਯੋਗਿਕ ਅਦਾਰੇ ਇਸ ਸਾਫਟਵੇਅਰ ਵਿੱਚ ਰਜਿਸਟਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਜਦੋਂ ਵੀ ਕੋਈ ਵਿਅਕਤੀ ਹੋਟਲ ਜਾਂ ਪੀਜੀ ਪੇਇੰਗ ਗੈਸਟ ਹੋਮ ਵਿੱਚ ਆਵੇਗਾ, ਹਥਿਆਰ ਡੀਲਰ ਕੋਲੋਂ ਅਸਲਾ ਖਰੀਦੇਗਾ, ਪੁਰਾਣੇ ਵਾਹਨਾਂ ਖ਼ਰੀਦੇ ਜਾਂ ਵੇਚੇਗਾ, ਸੁਰੱਖਿਆ ਏਜੰਸੀ ਵਿੱਚ ਕੰਮ ਕਰੇਗਾ ਜਾਂ ਛੋਟੇ ਉਦਯੋਗਿਕ ਅਦਾਰੇ ਵਿੱਚ ਕੰਮ ਕਰੇਗਾ ਤਾਂ ਉਸ ਦੀ ਇਹ ਜਾਣਕਾਰੀ ਸਵੈਚਲਤ ਰੂਪ ਨਾਲ ਪੁਲੀਸ ਕੋਲ ਪੁੱਜ ਜਾਵੇਗੀ। ਇਹ ਜਾਣਕਾਰੀ ਪ੍ਰਾਪਤ ਹੋਣ ਮਗਰੋਂ ਪੁਲੀਸ ਅਧਿਕਾਰੀਆਂ ਵੱਲੋਂ ਅਜਿਹੇ ਵਿਅਕਤੀ ਦੀ ਮੁਕੰਮਲ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਨਾਲ ਗੈਰ-ਸਮਾਜੀ ਅਨਸਰਾਂ ਅਤੇ ਅਪਰਾਧੀਆਂ ਦੀ ਸ਼ਹਿਰ ਵਿੱਚ ਆਮਦ ਬਾਰੇ ਵੀ ਪਤਾ ਲੱਗ ਸਕੇਗਾ।
ਨਿਗਰਾਨ ਪ੍ਰਣਾਲੀ ਨੂੰ ਪੀਪੀਪੀ ਮਾਡਲ ’ਤੇ ਵਿਕਸਤ ਕੀਤਾ ਜਾਵੇਗਾ
ਪੁਲੀਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਪ੍ਰਣਾਲੀ ਨੂੰ ਪੀਪੀਪੀ ਮਾਡਲ ਦੇ ਆਧਾਰ ’ਤੇ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਹੰਗਾਮੀ ਸਥਿਤੀ ਵਿੱਚ ਚੋਰੀ ਹੋਣ, ਅੱਗ ਲੱਗਣ ਦੀ ਘਟਨਾ ਅਤੇ ਇਸ ਸਬੰਧੀ ਕੰਮ ਸ਼ੁਰੂ ਹੋਣ ਦੀ ਰਿਪੋਰਟ ਦੇਣ ਬਾਰੇ ਵਿਲੱਖਣ ਵਿਸ਼ੇਸ਼ਤਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਭਵਿੱਖ ਵਿੱਚ ਇਸ ਵਿੱਚ ਹੋਰ ਵੀ ਕਈ ਵਾਧੇ ਕਰਨ ਦੀ ਸਮਰੱਥਾ ਹੈ। ਇਸ ਯੋਜਨਾ ਤਹਿਤ ਹੁਣ ਤੱਕ 2500 ਤੋਂ ਵੱਧ ਹੋਟਲਾਂ ਤੇ ਉਨ੍ਹਾਂ ਦੇ ਗਾਹਕਾਂ ਤੇ ਅਦਾਰਿਆਂ ਨੂੰ ਦਰਜ ਕੀਤਾ ਜਾ ਚੁੱਕਾ ਹੈ।
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਲੰਬਿਤ ਕੇਸਾਂ ਨੂੰ ਪ੍ਰਵਾਨਗੀ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵੱਲੋਂ 8 ਸਤੰਬਰ ਨੂੰ ਹੋਈ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲੰਬਿਤ ਰੱਖੇ ਗਏ ਕੁੱਝ ਕੇਸਾਂ ’ਤੇ ਵਿਚਾਰ-ਵਟਾਦਰਾਂ ਕਰਨ ਲਈ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਇਨ੍ਹਾਂ ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਬਾਕੀ ਰਹਿੰਦੇ ਕੇਸਾਂ ’ਤੇ ਮੁੜ ਵਿਚਾਰ-ਵਟਾਂਦਰਾ ਕਰਨ ਲਈ 18 ਸਤੰਬਰ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਇਸ ਦੌਰਾਨ ਵਿੱਤ ਅਤੇ ਠੇਕਾ ਕਮੇਟੀ ਦੀ ਇੱਕ ਹੋਰ ਮੀਟਿੰਗ ਵਿੱਚ ਪਾਏ ਗਏ ਨਵੇਂ ਕੇਸਾਂ ’ਤੇ ਵਿਚਾਰ-ਵਟਾਂਦਰਾ ਕਰਕੇ ਪ੍ਰਵਾਨਗੀ ਦਿੱਤੀ ਜਾਵੇਗੀ। ਮੀਟਿੰਗ ਵਿਚ ਨਿਗਰਾਨ ਇੰਜਨੀਅਰ (ਸਿਵਲ) ਸੰਦੀਪ ਸਿੰਘ, ਕਾਰਜਕਾਰੀ ਇੰਜਨੀਅਰ ਅਸ਼ਵਨੀ ਕੁਮਾਰ, ਬਲਜੀਤ ਸਿੰਘ ਆਦਿ ਹਾਜ਼ਰ ਸਨ।