ਪੱਤਰ ਪ੍ਰੇਰਕ
ਰਾਜਪੁਰਾ, 16 ਨਵੰਬਰ
ਇਸ ਖੇਤਰ ਦੇ ਗੁਰਦੁਆਰਾ ਡੇਰਾ ਬਾਬਾ ਸ੍ਰੀ ਚੰਦ ਮਦਨਪੁਰ ਚਲਹੇੜੀ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੰਤ ਬੰਤ ਸਿੰਘ ਦੇ ਉਪਰਾਲੇ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਤੰਬਰ ਮਹੀਨੇ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਦੇ ਭੋਗ ਪੁਆਏ ਗਏ। ਇਸੇ ਦੌਰਾਨ ਰਾਜਪੁਰਾ ਦੇ ਸ਼ਹਿਰੀ ਖੇਤਰ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ ਵਿਚ ਗੁਰਤਾ ਗੱਦੀ ਸਬੰਧੀ ਕਥਾ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਮਾਤਾ ਗੁਜਰੀ ਇਸਤਰੀ ਸਤਿਸੰਗ ਜਥਾ ਅਤੇ ਭਾਈ ਕੁਲਦੀਪ ਸਿੰਘ ਦੇ ਜਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਵੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਗਈਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਭਾਤਫੇਰੀਆਂ 29 ਨਵੰਬਰ ਤੱਕ ਜਾਰੀ ਰਹਿਣਗੀਆਂ।