ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਜੁਲਾਈ
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਸਾਫ ਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸਰਕਾਰ ਨੇ ਐੱਮਐੱਸਪੀ ’ਤੇ ਜੋ ਕਮੇਟੀ ਗਠਿਤ ਕੀਤੀ ਹੈ ਉਹ ਉਨ੍ਹਾਂ ਨੂੰ ਪੂਰਨ ਤੌਰ ’ਤੇ ਨਾਮਨਜ਼ੂਰ ਹੈ ਤੇ ਉਹ ਰੋਸ ਵਜੋਂ ਇਸ ਦਾ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਜੋ ਤਿੰਨ ਨਾਂ ਮੰਗੇ ਗਏ ਹਨ ਉਹ ਵੀ ਅਸੀਂ ਨਹੀਂ ਦਿਆਂਗੇ। ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿਚ ਠੋਸ ਨੀਤੀ ਬਣਾਈ ਜਾਏਗੀ । ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਵਲੋਂ ਜੋ ਹੋਰ 37 ਮੈਂਬਰ ਸ਼ਾਮਲ ਕੀਤੇ ਹਨ ਉਹ ਸਰਕਾਰੀ ਏਜੰਟ ਹਨ। ਜੋ ਪਹਿਲਾਂ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ ਹਨ। ਇਹ ਕਮੇਟੀ ਸਿਰਫ ਕਿਸਾਨਾਂ ਦਾ ਧਿਆਨ ਭਟਕਾਉਣ ਲਈ ਹੈ। ਸ੍ਰੀ ਚੜੂਨੀ ਨੇ ਕਿਹਾ ਕਿ ਸਰਕਾਰ ਦਾ ਵਾਅਦਾ ਸਿਰਫ ਐੱਮਐੱਸਪੀ ’ਤੇ ਕਮੇਟੀ ਬਨਾਉਣ ਦਾ ਹੈ ਪਰ ਸਰਕਾਰ ਨੇ ਇਸ ਵਿਚ ਹੋਰ ਮੁੱਦੇ ਵਿਸਾਰ ਦਿੱਤੇ ਹਨ।
ਸਰਕਾਰ ਦੀ ਨੀਅਤ ਵਿਚ ਖੋਟ ਹੈ। ਸਰਕਾਰ ਨੇ ਇਸ ਵਿਚ ਮਹੱਤਵ ਪੂਰਨ ਅੰਦੋਲਨਕਾਰੀ ਸੂਬਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ ,ਰਾਜਸਥਾਨ, ਯੂਪੀ , ਉਤਰਾਖੰਡ ਆਦਿ ਤੇ ਖੇਤੀ ਯੂਨੀਵਰਸਿਟੀਆਂ ਤੋਂ ਵੀ ਕੋਈ ਪ੍ਰਤੀਨਿਧੀ ਨਹੀਂ ਲਿਆ। ਉਨ੍ਹਾਂ ਨੂੰ ਮੁੱਢ ਤੋਂ ਹੀ ਇਹ ਕਮੇਟੀ ਸਵੀਕਾਰ ਨਹੀਂ।