ਕਾਠਮੰਡੂ, 26 ਸਤੰਬਰ
ਨੇਪਾਲ ’ਚ ਮਾਊਂਟ ਮਨਾਸਲੂ ਦਾ ਬੇਸ ਕੈਂਪ ਬਰਫ਼ੀਲੇ ਤੂਫ਼ਾਨ ’ਚ ਘਿਰ ਗਿਆ ਜਿਸ ਕਾਰਨ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਸਮੇਤ 12 ਵਿਅਕਤੀ ਜ਼ਖ਼ਮੀ ਹੋ ਗਏ। ‘ਦਿ ਹਿਮਾਲਿਅਨ ਟਾਈਮਜ਼’ ਅਖ਼ਬਾਰ ਦੀ ਰਿਪੋਰਟ ਮੁਤਾਬਕ 12 ਪਰਬਤਾਰੋਹੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸੈਰ-ਸਪਾਟਾ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਸਵੇਰੇ ਸਾਢੇ 11 ਵਜੇ ਬਰਫ਼ੀਲਾ ਤੂਫ਼ਾਨ ਆਇਆ ਸੀ। ਰਿਪੋਰਟ ਮੁਤਾਬਕ ਬਲਜੀਤ ਕੌਰ ਤੇ ਉਸ ਦੇ ਸ਼ੇਰਪਾ ਗਾਈਡ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਦੋਵੇਂ ਸੁਰੱਖਿਅਤ ਹਨ। ਬਚਾਅ ਕਾਰਜ ਚਲਾਏ ਗਏ ਹਨ ਅਤੇ ਹੈਲੀਕਾਪਟਰਾਂ ਰਾਹੀਂ ਉਥੇ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਸਰਕਾਰੀ ਅਧਿਕਾਰੀ ਯਸ਼ੋਦਾ ਆਚਾਰਿਆ ਨੇ ਕਿਹਾ ਕਿ ਮੌਸਮ ਖ਼ਰਾਬ ਹੋਣ ਕਾਰਨ ਬਚਾਅ ਕਾਰਜਾਂ ’ਚ ਅੜਿੱਕਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਮਾਊਂਟ ਮਨਾਸਲੂ ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਅਤੇ ਪੰਜਵੀਂ ਸਭ ਤੋਂ ਵਧ ਖ਼ਤਰਨਾਕ ਚੋਟੀ ਮੰਨੀ ਜਾਂਦੀ ਹੈ। -ਪੀਟੀਆਈ