ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਦਸੰਬਰ
ਅੱਜ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਜਿੱਥੇ ਮੋਰਚੇ ਵਿੱਚ ਕਿਸਾਨ ਸੰਘਰਸ਼ ਵਿੱਚ ਸ਼ਮੂਲ਼ੀਅਤ ਕਰਨ ਲਈ ਵਰਕਰਾਂ ਦੇ ਜਥਿਆਂ ਨੂੰ ਰਵਾਨਾ ਕੀਤਾ, ਉੱਥੇ ਕਿਸਾਨਾਂ ਲਈ ਲੋੜੀਂਦਾ ਸਮਾਨ ਵੀ ਵੱਡੀ ਮਾਤਰਾ ਵਿੱਚ ਭੇਜਿਆ ਕੀਤਾ। ਜੀਤ ਮੁਹਿੰਦਰ ਸਿੰਘ ਸਿੱਧੂ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਿਆਸੀ ਪੱਖ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਥੱਲੇ ਵਰਕਰਾਂ ਦੇ ਤਿੰਨ ਜਥੇ ਤਿੰਨ ਬੱਸਾਂ ਰਾਹੀਂ ਦਿੱਲੀ ਦੇ ਟਿਕਰੀ ਬਾਰਡਰ ਵੱਲ ਰਵਾਨਾ ਕੀਤੇ ਅਤੇ ਜਥਿਆਂ ਦੇ ਨਾਲ ਉਨ੍ਹਾਂ ਵੱਲੋਂ ਕਿਸਾਨ ਸੰਘਰਸ਼ ਲਈ ਬਾਲਣ ਨਾਲ ਚੱਲਣ ਵਾਲੇ ਕਰੀਬ ਪੰਜ ਦਰਜ਼ਨ ਗੀਜ਼ਰ, ਇੱਕ ਟਰੱਕ ਲੱਕੜ ਦੀਆਂ ਗਿੱਟੀਆਂ, ਕਰੀਬ ਛੇ ਸੈਂਕੜੇ ਤੌਲੀਏ, ਖਾਣਾ ਬਣਾਉਣ ਲਈ ਵੱਡੀ ਮਾਤਰਾ ਵਿੱਚ ਘਿਓ ਅਤੇ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਦਵਾਈਆਂ ਭੇਜੀਆਂ ਗਈਆਂ।
ਸ਼ਹਿਣਾ(ਪ੍ਰਮੋਦ ਕੁਮਾਰ ਸਿੰਗਲਾ): ਅੱਜ ਪੰਚਾਇਤ ਘਰ ਸ਼ਹਿਣਾ ਤੋਂ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਦੋ ਟਰੱਕਾਂ ਤੇ ਇੱਕ ਸਕਾਰਪੀਓ ’ਤੇ 195 ਮੈਂਬਰੀ ਕਾਫ਼ਲਾ ਦਿੱਲੀ ਸੰਘਰਸ਼ ’ਚ ਭਾਗ ਲੈਣ ਲਈ ਰਵਾਨਾ ਹੋਇਆ।
ਜੱਥੇ ਦੀ ਅਗਵਾਈ ਸਰਪੰਚ ਮਲਕੀਤ ਕੌਰ ਕਲਕੱਤਾ ਨੇ ਕੀਤੀ। ਕਸਬੇ ਸ਼ਹਿਣਾ ਤੋਂ ਅੱਜ ਇਹ 10ਵਾਂ ਕਾਫਲਾ ਰਵਾਨਾ ਹੋਇਆ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਇਹ ਕਾਨੂੰਨ ਕਿਸਾਨੀ, ਪੰਜਾਬ ਅਤੇ ਮਜ਼ਦੂਰ ਸਮੇਤ ਹਰੇਕ ਵਰਗ ਲਈ ਮਾਰੂ ਹੈ।
ਇਸ ਮੌਕੇ ’ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪੰਚ ਜਤਿੰਦਰ ਸਿੰਘ, ਪੰਚ ਰੋਸ਼ਨ ਸ਼ਰਮਾ, ਪੰਚ ਸਤਵੀਰ ਸਿੰਘ, ਪੰਚ ਸਵਰਨ ਸਿੰਘ ਬਿੱਲੂ ਆਦਿ ਹਾਜ਼ਰ ਸਨ। ਕਾਫਲੇ ਨੂੰ ਨਗਰ ਵਾਸੀਆਂ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਛੇ ਕੁਇੰਟਲ ਲੱਡੂ ਭੇਜੇ
ਭਦੌੜ(ਪੱਤਰ ਪ੍ਰੇਰਕ): ਅਲਕੜਾ ਵਾਸੀਆਂ ਵੱਲੋਂ ਦਿੱਲੀ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਮੋਰਚੇ ਵਿੱਚ 6 ਕੁਇੰਟਲ ਲੱਡੂ ਅਤੇ ਇੱਕ ਲੱਕੜਾਂ ਦੀ ਟਰਾਲੀ ਭੇਜੀ ਗਈ। ਪਿੰਡ ਵਾਸੀ ਸੇਵਕ ਸਿੰਘ, ਅੰਮ੍ਰਿਤਪਾਲ ਸਿੰਘ ਕੂਕਾ, ਪਰਵਿੰਦਰ ਪਿੰਦਾ, ਮਨਪ੍ਰੀਤ ਸਿੰਘ ਅਤੇ ਜੋਗਾ ਸਿੰਘ ਨੇ ਦੱਸਿਆ ਕਿ ਇੰਗਲੈਂਡ ਵਾਸੀ ਜੈਜਾ ਸਿੰਘ ਵੱਲੋਂ ਲੱਡੂਆਂ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਗਈ ਹੈ ਤੇ ਪਿੰਡ ਵਾਸੀਆਂ ਵੱਲੋਂ ਕਿਸਾਨੀ ਸੰਘਰਸ਼ ਲਈ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।