ਨਵੀਂ ਦਿੱਲੀ: ਐਨਆਈਏ ਨੇ ਭਗੌੜੇ ਖਾਲਿਸਤਾਨੀ ਅਤਿਵਾਦੀ ਗੁਰਜੀਤ ਸਿੰਘ ਨਿੱਝਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਨਿੱਝਰ ਨੂੰ ਸਾਇਪ੍ਰਸ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ। ਗੁਰਜੀਤ ’ਤੇ ਭਾਰਤ ਵਿਚ ਸਿੱਖ ਅਤਿਵਾਦ ਨੂੰ ਮੁੜ ਉਭਾਰਨ ਲਈ ਅਪਰਾਧਕ ਸਾਜ਼ਿਸ਼ ਘੜਨ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਕੌਮੀ ਜਾਂਚ ਏਜੰਸੀ ਨੇ ਪਿਛਲੇ ਸਾਲ ਜਨਵਰੀ ਵਿਚ ਮੁਲਜ਼ਮ ਹਰਪਾਲ ਸਿੰਘ ਖ਼ਿਲਾਫ਼ ਅਸਲਾ ਐਕਟ, ਮਹਾਰਾਸ਼ਟਰ ਪੁਲੀਸ ਐਕਟ ਤੇ ਯੂਏਪੀਏ ਤਹਿਤ ਕੇਸ ਦਰਜ ਕੀਤਾ ਸੀ। ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਸਾਜ਼ਿਸ਼ਕਰਤਾ ਨਿੱਝਰ, ਹਰਪਾਲ ਤੇ ਮੋਇਨ ਖਾਨ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਸਰਗਰਮ ਸਨ। ਉਹ ਕਥਿਤ ਤੌਰ ’ਤੇ ਵੱਖਰੇ ਖਾਲਿਸਤਾਨ ਸੂਬੇ ਲਈ ਸਿੱਖ ਅਤਿਵਾਦ ਨੂੰ ਹੁਲਾਰਾ ਦੇਣ ਲਈ ਅਪਰਾਧਕ ਸਾਜ਼ਿਸ਼ਾਂ ਘੜ ਰਹੇ ਸਨ। ਏਜੰਸੀ ਨੇ ਕਿਹਾ ਕਿ ਸਾਜ਼ਿਸ਼ ਤਹਿਤ ਇਹ ਤਿੰਨੋਂ ਅਤਿਵਾਦੀ ਜਗਤਾਰ ਸਿੰਘ ਹਵਾਰਾ (ਬੇਅੰਤ ਹੱਤਿਆ ਕਾਂਡ ਦਾ ਦੋਸ਼ੀ) ਦੀ ਸਿਫ਼ਤ ਵਾਲੀਆਂ ਵੀਡੀਓ ਤੇ ਫੋਟੋਆਂ ਪੋਸਟ ਕਰਦੇ ਸਨ। ਇਸ ਤੋਂ ਇਲਾਵਾ ਉਹ ਸਾਕਾ ਨੀਲਾ ਤਾਰਾ (1984) ਤੇ ਖਾਲਿਸਤਾਨ ਨਾਲ ਸਬੰਧਤ ਕੁਝ ਪੋਸਟਾਂ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜੀਆਂ ਹੋਈਆਂ ਸਨ, ਪੋਸਟ ਕਰਦੇ ਸਨ। ਐਨਆਈਏ ਮੁਤਾਬਕ ਇਨ੍ਹਾਂ ਦਾ ਇਕੋ-ਇਕ ਮੰਤਵ ਆਪਣੇ ਵਰਗੀ ਵਿਚਾਰਧਾਰਾ ਵਾਲੇ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ‘ਖਾਲਿਸਤਾਨ ਮੁਹਿੰਮ’ ਨਾਲ ਜੋੜਨਾ ਸੀ। ਬੁਲਾਰੇ ਨੇ ਕਿਹਾ ਕਿ ਮੋਇਨ 2013-16 ਤੱਕ ਤਿਹਾੜ ਜੇਲ੍ਹ ਵਿਚ ਰਿਹਾ ਸੀ ਜਿੱਥੇ ਉਹ ਹਵਾਰਾ ਦੇ ਸੰਪਰਕ ਵਿਚ ਆਇਆ। ਇਸੇ ਦੌਰਾਨ ਮੋਇਨ ਨੇ ਹਵਾਰਾ ਲਈ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਏਜੰਸੀ ਮੁਤਾਬਕ ਬਾਅਦ ਵਿਚ ਮੋਇਨ ਨੇ ਫੇਸਬੁੱਕ ਆਈਡੀ ‘ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ’ ਉਤੇ ਦੋਸਤੀ ਲਈ ਬੇਨਤੀ ਭੇਜੀ। ਇਸੇ ਆਈਡੀ ਰਾਹੀਂ ਉਹ ਹਰਪਾਲ ਤੇ ਨਿੱਝਰ ਦੇ ਸੰਪਰਕ ਵਿਚ ਆਇਆ। ਏਜੰਸੀ ਮੁਤਾਬਕ ਨਿੱਝਰ ਨੇ ਮੋਇਨ ਨਾਲ ‘ਮੁਸਲਮਾਨਾਂ ਤੇ ਸਿੱਖਾਂ ਉਤੇ ਹੋਏ ਅਤਿਆਚਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਵੱਖਰੇ ਖਾਲਿਸਤਾਨ ਸੂਬੇ ਲਈ ਕੰਮ ਕਰਨ ਲਈ ਸਹਿਮਤ ਕਰ ਲਿਆ।’ ਉਨ੍ਹਾਂ ਕਿਹਾ ਕਿ ਨਿੱਝਰ ਨੇ ਮੋਇਨ ਨੂੰ 2018 ਵਿਚ ਪਿਸਤੌਲ ਤੇ ਅਸਲਾ ਖ਼ਰੀਦਣ ਲਈ ਕਿਹਾ ਤਾਂ ਕਿ ਸਾਜ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਪਿਛਲੇ ਸਾਲ ਮਈ ਵਿਚ ਐਨਆਈਏ ਨੇ ਵਿਸ਼ੇਸ਼ ਅਦਾਲਤ ਵਿਚ ਨਿੱਝਰ, ਹਰਪਾਲ, ਮੋਇਨ ਤੇ ਸੁੰਦਰ ਲਾਲ ਪਰਾਸ਼ਰ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਅੰਮ੍ਰਿਤਸਰ ਨਾਲ ਸਬੰਧਤ ਨਿੱਝਰ ਅਕਤੂਬਰ 2017 ਵਿਚ ਦੇਸ਼ ਛੱਡ ਕੇ ਸਾਇਪ੍ਰਸ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਖ਼ਿਲਾਫ਼ ਲੁਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਏਜੰਸੀ ਨਿੱਝਰ ਦੀ ਟਰਾਂਜ਼ਿਟ ਹਿਰਾਸਤ ਹਾਸਲ ਕਰ ਕੇ ਉਸ ਨੂੰ ਅਗਲੀ ਜਾਂਚ-ਪੜਤਾਲ ਲਈ ਮੁੰਬਈ ਲੈ ਕੇ ਜਾਵੇਗੀ।
-ਪੀਟੀਆਈ