ਜਗਜੀਤ ਸਿੰਘ/ਸ਼ਗਨ ਕਟਾਰੀਆ
ਮੁਕੇਰੀਆਂ/ਬਠਿੰਡਾ, 25 ਦਸੰਬਰ
ਮੁਕੇਰੀਆਂ ਸ਼ਹਿਰ ਦੇ ਇਕ ਪੈਲੇਸ ’ਚ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਦੌਰਾਨ ਖੇਤੀ ਕਾਨੂੰਨਾਂ ਦੇ ਫਾਇਦੇ ਸੁਣਨ ਆਏ ਭਾਜਪਾ ਕਾਰਕੁਨਾਂ ਨੂੰ ਕਿਸਾਨੀ ਰੋਹ ਕਾਰਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜਣਾ ਪਿਆ। ਇਸ ਦੌਰਾਨ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਗੱਡੀ ’ਚ ਚੁੱਪ-ਚੁਪੀਤੇ ਖਿਸਕ ਗਏ।
ਜਾਣਕਾਰੀ ਅਨੁਸਾਰ ਭਾਜਪਾ ਨੇ ਅੱਜ ਸ਼ਰਧਾਂਜਲੀ ਸਮਾਗਮ ਜ਼ਰੀਏ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਲਈ ਪਿੰਡ ਬਹਬਿਲਮੰਝ ਤੇ ਸ਼ਹਿਰ ਦੇ ਇਕ ਪੈਲੇਸ ਵਿੱਚ ਸਮਾਗਮ ਰੱਖਿਆ ਸੀ। ਅੱਜ ਸਵੇਰੇ ਟੌਲ ਪਲਾਜ਼ਾ ’ਤੇ ਇਕੱਤਰ ਹੋਏ ਕਿਸਾਨਾਂ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਤਨਾਮ ਸਿੰਘ ਬਾਗੜੀਆਂ ਤੇ ਜੱਟ ਮਹਾਂਸਭਾ ਦੇ ਆਗੂ ਸਤਨਾਮ ਸਿੰਘ ਚੀਮਾ ਦੀ ਅਗਵਾਈ ਵਿੱਚ ਪਿੰਡ ਬਹਬਿਲਮੰਝ ਵੱਲ ਕੂਚ ਕੀਤਾ ਅਤੇ ਕਿਸਾਨੀ ਵਿਰੋਧ ਕਾਰਨ ਇਹ ਸਮਾਗਮ ਵਿਚਾਲੇ ਛੱਡਣਾ ਪਿਆ। ਉਪਰੰਤ ਕਿਸਾਨ ਪੁਲੀਸ ਰੋਕਾਂ ਦੇ ਬਾਵਜੂਦ ਖੇਤਾਂ ਵਿਚੋਂ ਲੰਘਕੇ ਸ਼ਹਿਰ ਦੇ ਪੈਲੇਸ ਵਿਚਲੇ ਸਮਾਗਮ ਦਾ ਵਿਰੋਧ ਕਰਨ ਲਈ ਪੁੱਜੇ। ਵਿਰੋਧ ਕਰਦੇ ਹੋਏ ਕਿਸਾਨ ਜਦੋਂ ਪੈਲੇਸ ਅੰਦਰ ਵੜ੍ਹੇ ਤਾਂ ਅੰਦਰ ਰਹਿੰਦੇ ਭਾਜਪਾ ਕਾਰਕੁਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜ ਗਏ।
ਇਸੇ ਦੌਰਾਨ ਬਠਿੰਡਾ ਵਿਚ ਉੜਾਂਗ ਸਿਨਮੇ ਦੇ ਸਾਹਮਣੇ ਭਾਜਪਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਨੂੰ ਕਿਸਾਨ ਜਥੇਬੰਦੀਆਂ ਨੇ ਰੋਕ ਦਿੱਤਾ। ਮੌਕੇ ਦੀ ਨਜ਼ਾਕਤ ਮੁਤਾਬਕ ਉਥੇ ਪਹੁੰਚੇ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਸਥਿਤੀ ਕੰਟਰੋਲ ਕਰਨ ਲਈ ਖੁਦ ਅਗਵਾਈ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਅਤੇ ਯੂਥ ਆਗੂ ਸੰਦੀਪ ਕੁਮਾਰ ਨੇ ਦੋਸ਼ ਲਾਏ ਕਿ ਕਿਸਾਨ ਜਥੇਬੰਦੀਆਂ ਦੇ ਝੰਡੇ ਚੁੱਕੀ ‘ਕੁਝ ਲੋਕਾਂ’ ਨੇ ਸਮਾਗਮ ਦੇ ਰੰਗ ਵਿੱਚ ਭੰਗ ਪਾਈ। ਘਟਨਾ ਪਿੱਛੋਂ ਕਿਸਾਨ ਅਤੇ ਭਾਜਪਾ ਵਰਕਰ ਸੜਕ ’ਤੇ ਆਹਮੋ-ਸਾਹਮਣੇ ਧਰਨਿਆਂ ’ਤੇ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ ਅਤੇ ਪੁਲੀਸ ਦੋਵਾਂ ਧਿਰਾਂ ਦਰਮਿਆਨ ਹਿਫ਼ਾਜ਼ਤੀ ਦੀਵਾਰ ਬਣ ਕੇ ਖੜੋਤੀ ਰਹੀ।
ਕਿਸਾਨਾਂ ਦੀ ਗਿਣਤੀ ਵਧਣ ’ਤੇ ਭਾਜਪਾ ਨੇ ਧਰਨਾ ਚੁੱਕਿਆ
ਬਠਿੰਡਾ: ਦੂਜੇ ਪਾਸੇ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਠੂ ਸਿੰਘ ਕੋਟੜਾ ਆਦਿ ਨੇ ਆਖਿਆ ਕਿ ਉਹ ਆਪਣੀਆਂ ਜਾਨਾਂ ਦਾਅ ’ਤੇ ਲਾ ਦੇਣਗੇ ਪਰ ਅਜਿਹੇ ਸਮਾਗਮ ਹਰਗਿਜ਼ ਨਹੀਂ ਹੋਣਗੇ। ਉਨ੍ਹਾਂ ਸਮਾਗਮ ’ਚ ਵਿਘਨ ਪਾਉਣ ਦੇ ਦੋਸ਼ਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਸ਼ਾਂਤਮਈ ਵਿਰੋਧ ਕੀਤਾ। ਭਾਜਪਾ ਆਗੂਆਂ ਨੇ ਧਰਨਾ ਸਥਾਨ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਦਰਜ ਕਰਵਾਇਆ। ਉਧਰ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀ ਸੰਗਠਨਾਂ ਦੀ ਆਮਦ ਵਧਣ ਪਿੱਛੋਂ ਭਾਜਪਾ ਵਰਕਰ ਬਾਅਦ ਦੁਪਹਿਰ ਧਰਨਾ ਖ਼ਤਮ ਕਰ ਕੇ ਉਥੋਂ ਚਲੇ ਗਏ। ਇਸ ਘਟਨਾ ’ਚ ਪੁਲੀਸ ਮੁਲਾਜ਼ਮਾਂ ਸਮੇਤ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।