ਜਤਿੰਦਰ ਬੈਂਸ
ਗੁਰਦਾਸਪੁਰ, 25 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੱਜ ਸਵੇਰੇ ਤੜਕਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਤੇ ਜ਼ੋਨ ਬਾਬਾ ਮਸਤੂ ਜੀ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਟ੍ਰੈਕਟਰ-ਟਰਾਲੀਆਂ ਹੋਰ ਵਾਹਨਾਂ ’ਤੇ ਦਿੱਲੀ ਮੋਰਚੇ ’ਚ ਹਿੱਸਾ ਲੈਣ ਲਈ ਰਵਾਨਾ ਹੋਇਆ।
ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਕਿਸਾਨਾਂ ਦੀ ਲਾਮਬੰਦੀ ਲਈ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪਿੰਡਾਂ ਅੰਦਰ ਮੀਟਿੰਗਾਂ ਤੇ ਪੋਸਟਰ ਲਾਉਣ ਦੀ ਮੁਹਿੰਮ ਵਿੱਢੀ ਹੋਈ ਸੀ। ਆਗੂ ਰਣਬੀਰ ਸਿੰਘ ਡੁੱਗਰੀ ਅਤੇ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਦੋ ਜ਼ੋਨਾਂ ਵਿੱਚੋਂ 55 ਦੇ ਕਰੀਬ ਟਰਾਲੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਤ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਇਥੋਂ ਦੀ ਦਾਣਾ ਮੰਡੀ ਵਿਚ ਇਕੱਠੇ ਹੋ ਕੇ ਦਿੱਲੀ ਵਿੱਚ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਲਈ ਕੂਚ ਕੀਤਾ। ਜਥੇਬੰਦੀ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਕੁਲਦੀਪ ਸਿੰਘ ਬੇਗੋਵਾਲ, ਪਰਮਜੀਤ ਸਿੰਘ ਬਾਠ, ਗੁਰਪ੍ਰੀਤ ਸਿੰਘ ਖਾਨਪੁਰ, ਹਰਵਿੰਦਰ ਸਿੰਘ ਖੁਜਾਲਾ ਆਦਿ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਕਰੀਬ 1000 ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋ ਗਏ। ਇਸ ਦੌਰਾਨ ਜਥੇਬੰਦੀ ਦੇ ਮੈਂਬਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਰੋਹ ਭਰੀ ਨਾਅਰੇਬਾਜ਼ੀ ਕੀਤੀ।
ਕਾਹਨਨੂੰਵਾਨ (ਵਰਿੰਦਰਜੀਤ ਜਾਗੋਵਾਲ): ਦਿੱਲੀ ਵਿਖੇ ਚੱਲ ਰਹੇ ਮੋਰਚੇ ਵਿਚ ਸ਼ਮੂਲੀਅਤ ਲਈ ਅੱਜ ਬਲਾਕ ਕਾਹਨੂੰਵਾਨ ਕਾਦੀਆਂ, ਦੀਨਾਨਗਰ, ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਰਵਾਨਾ ਹੋਏ। ਕਿਸਾਨ ਆਗੂਆਂ ਗੁਰਪ੍ਰਤਾਪ ਸਿੰਘ, ਜਰਨੈਲ ਸਿੰਘ ਲਾਧੂਪੁਰ, ਸੋਹਣ ਸਿੰਘ ਗਿੱਲ, ਹਰਵਿੰਦਰ ਸਿੰਘ ਕਾਲਾ ਬਾਲਾ ਨੇ ਦੱਸਿਆ ਕਿ ਕਿਸਾਨਾਂ ਦੇ ਸਾਰੇ ਜਥੇ ਉੜਮੁੜ ਟਾਂਡਾਂ ਜਾ ਕੇ ਰੁਕਣਗੇ ਅਤੇ ਜਿੱਥੋਂ ਪੂਰੇ ਜ਼ਿਲ੍ਹੇ ਵਿੱਚੋਂ ਆਏ ਹੋਏ ਛੋਟੇ ਜਥੇ ਇਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਦਿੱਲੀ ਲਈ ਰਵਾਨਾ ਹੋਣਗੇ।
ਜਲੰਧਰ (ਨਿੱਜੀ ਪੱਤਰ ਪੇ੍ਰਕ): ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਿੰਘੂ ਬਾਰਡਰ ’ਤੇ ਕਿਸਾਨੀ ਅੰਦੋਲਨ ਵਿੱਚ 51 ਹਜ਼ਾਰ ਰੁਪਏ ਦੀ ਰਾਸ਼ੀ ਮਦਦ ਵਜੋਂ ਭੇਟ ਕੀਤੀ ਗਈ। ਇਸ ਤੋਂ ਇਲਾਵਾ ਨਿਰਮਲ ਕੁਟੀਆ ਵੱਲੋਂ ਲੰਗਰ, ਮੂੰਗਫਲੀ, ਕੰਬਲ, ਬਿਸਤਰੇ ਅਤੇ ਹੋਰ ਜ਼ਰੂਰੀ ਵਸਤਾਂ ਦੇ ਵੀ ਲਗਾਤਾਰ ਲੰਗਰ ਚਲਾਏ ਜਾ ਰਹੇ ਹਨ।
ਯੂਨੀਵਰਸਿਟੀ ਪੈਨਸ਼ਨਰਜ਼ ਵਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕਾਰਜਕਾਰਨੀ ਪ੍ਰਧਾਨ ਅਮਰਜੀਤ ਸਿੰਘ ਬਾਈ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਅਤੇ ਡੀਏ ਕਿਸ਼ਤਾਂ ਦਾ ਪਹਿਲਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ।