ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 20 ਮਈ
ਪੀਆਰਟੀਸੀ ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਵੱਲੋਂ ਅਮਲੋਹ ਤੋਂ ਸਵੇਰੇ 6.10 ਅਤੇ ਭਾਦਸੋ ਤੋਂ 6.25 ਪਟਿਆਲਾ-ਸੈਕਟਰੀਏਟ ਚੰਡੀਗੜ੍ਹ ਲਈ 15 ਸਾਲ ਤੋਂ ਚੱਲ ਰਹੀ ਬੱਸ ਸੇਵਾ ਨੂੰ ਪਿਛਲੇ ਇਕ ਹਫਤੇ ਤੋਂ ਬੰਦ ਕੀਤਾ ਹੋਇਆ ਹੈ, ਜਿਸ ਨਾਲ ਲੋਕ ਕਾਫੀ ਖੱਜਲ ਹੋ ਰਹੇ ਹਨ। ਬੱਸ ਸੇਵਾ ਬੰਦ ਕਰਨ ਬਾਰੇ ਜਦੋਂ ਪੀ.ਆਰ.ਟੀ.ਸੀ ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਨਾਲ ਮੋਬਾਈਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਸੇਵਾ ਬੰਦ ਨਹੀਂ ਕੀਤੀ ਗਈ, ਜਦੋਂਕਿ ਬੱਸ ਬੰਦ ਹੋਣ ਕਾਰਨ ਰੋਜ਼ਾਨਾ ਡਿਊਟੀਆਂ ’ਤੇ ਜਾਣ ਵਾਲੀਆਂ ਸਵਾਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਮੈਨੇਜਿੰਗ ਡਾਇਰੈਕਟਰ ਪੀਆਰਟੀਸੀ ਪਟਿਆਲਾ ਤੋਂ ਮੰਗ ਕੀਤੀ ਕਿ ਜਨਰਲ ਮੈਨੇਜਰ ਵਲੋਂ ਬੰਦ ਕੀਤੀ ਸਰਵਿਸ ਦੀ ਪੜਤਾਲ ਕਰਵਾ ਕੇ ਤੁਰੰਤ ਸਰਵਿਸ ਚਾਲੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਬੱਸ ਚਾਲੂ ਨਾ ਕੀਤੀ ਗਈ ਤਾਂ ਇਸ ਬਾਰੇ ਲੋਕ ਇਕੱਠੇ ਹੋ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਟਰਾਂਸਪੋਰਟ ਮੰਤਰੀ ਦੇ ਵੀ ਧਿਆਨ ਵਿੱਚ ਲਿਆਉਣਗੇ।