ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਦਸੰਬਰ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ ਦੇ ਪ੍ਰੋਗਰਾਮ’ ਵਿਰੁੱਧ ਅੱਜ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮਾਝੀ, ਭਰਪੂਰ ਸਿੰਘ, ਬਘੇਲ ਸਿੰਘ ਮਾਝੀ, ਹਾਕਮ ਸਿੰਘ, ਲਾਭ ਸਿੰਘ, ਮੇਜਰ ਸਿੰਘ ਬਾਲਦ ਕਲਾਂ, ਚਰਨਜੀਤ ਭੜੋ, ਕੁਲਵੰਤ ਕੌਰ ਨਕਟੇ, ਕੁਲਵਿੰਦਰ ਬੇਗਮ ਅਤੇ ਜਸ਼ਨਦੀਪ ਕੌਰ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿੱਚ ਪੱਕੇ ਧਰਨੇ ਦੌਰਾਨ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਮੋਦੀ ਦੇ ਪ੍ਰੋਗਰਾਮ ਦਾ ਡੱਟਕੇ ਵਿਰੋਧ ਕੀਤਾ। ਟੌਲ ਪਲਾਜ਼ਾ ਕਾਲਾਝਾੜ ਵਿੱਚ ਵੀ ਥਾਲੀਆਂ ਖੜਕਾਈਆਂ ਗਈਆਂ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਸੱਥ ਕਾਕੜਾ ਰੋਡ ਭਵਾਨੀਗੜ੍ਹ ਵਿੱਚ ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ, ਪਰਮਿੰਦਰ ਸਿੰਘ, ਯੁਵਰਾਜ ਸਿੰਘ, ਹਰਿੰਦਰਪਾਲ ਸਿੰਘ, ਜਸਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਆਦਿ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਥਾਲੀਆਂ ਖੜਕਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ‘ਮਨ ਕੀ ਬਾਤ’ ਦਾ ਵਿਰੋਧ ਕਰਦਿਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ’ਤੇ ਥਾਲ਼ੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਟੌਲ ਪਲਾਜ਼ਾ ਲੱਡਾ ’ਤੇ ਥਾਲ਼ੀਆਂ ਖੜਕਾਉਣ ਮੌਕੇ ਗੱਲਬਾਤ ਕਰਦਿਆਂ ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਮਾਨ, ਪ੍ਰੋਫੈਸਰ ਸੰਤੋਖ ਕੌਰ, ਸੁਖਵਿੰਦਰ ਕੌਰ ਸਿੱਧੂ ਅਤੇ ਡਾਕਟਰ ਅਮਨਦੀਪ ਕੌਰ ਗੋਸਲ ਨੇ ਕਿਹਾ ਕਿ ਮੋਦੀ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਮਨ ਕੀ ਬਾਤ ਕਹਿਣ ਦੇ ਡਰਾਮੇ ਕਰ ਰਹੇ ਹਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 88ਵੇਂ ਦਿਨ ਵੀ ਜਾਰੀ ਰਿਹਾ। ਉਧਰ ਜਥੇਬੰਦੀ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਿਛਲੇ 31 ਦਿਨਾਂ ਤੋਂ ਡਟੇ ਹੋਏ ਹਨ। ਬਲਾਕ ਦੇ ਪਿੰਡਾਂ ’ਚ ਅੱਜ ਠੀਕ 11 ਵਜੇ ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਨੇ ਘਰਾਂ ’ਚ ਭਾਂਡੇ ਖੜਕਾ ਅਤੇ ਮੋਦੀ ਵਿਰੋਧੀ ਨਾਅਰੇਬਾਜ਼ੀ ਕਰਕੇ ਲੋਕਾਂ ਨੂੰ ਮਨ ਦੀ ਬਾਤ ਸੁਨਣ ਨਹੀਂ ਦਿੱਤੀ।
ਪਿੰਡ ਰੋਹਣੋ ਤੋਂ ਰਾਸ਼ਨ ਸਮੱਗਰੀ ਲੈ ਕੇ ਜਥਾ ਰਵਾਨਾ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਲੰਗਰ ਲਈ ਲੋੜੀਂਦੀ ਸਮੱਗਰੀ ਲੈ ਕੇ ਪਿੰਡ ਰੋਹਣੋ ਦੇ ਕਿਸਾਨਾਂ ਨੇ ਦਿੱਲੀ ਲਈ ਚਾਲੇ ਪਾਏ। ਇਸ ਮੌਕੇ ਨੌਜਵਾਨ ਕਿਸਾਨ ਆਗੂ ਜਸ਼ਨ ਬੈਨੀਪਾਲ ਨੇ ਕਿਹਾ ਕਿ ਦਿੱਲੀ ਵਿੱਚ ਧਰਨੇ ’ਤੇ ਗਏ ਕਿਸਾਨ ਵੀਰਾਂ ਨੂੰ ਅੱਜ ਨਗਰ ਰੋਹਣੋ ਦੇ ਸਹਿਯੋਗ ਨਾਲ ਪਾਣੀ ਦੀਆਂ ਬੋਤਲਾਂ ਤੋਂ ਇਲਾਵਾ ਰਾਸ਼ਣ ਸਮੱਗਰੀ ਇਕੱਠੀ ਕਰ ਕੇ ਭੇਜੀ ਜਾ ਰਹੀ ਹੈ। ਇਸ ਮੌਕੇ ਸਰਪੰਚ ਹਾਕਮ ਸਿੰਘ, ਦਰਸ਼ਨ ਸਿੰਘ ਪੰਚ, ਲਖਵਿੰਦਰ ਸਿੰਘ ਕਾਲਾ, ਸੰਤ ਸਿੰਘ, ਮੋਹਿੰਦਰ ਸਿੰਘ, ਹੈਪੀ ਬੈਨੀਪਾਲ, ਬਿੰਦੂ ਬੈਨੀਪਾਲ, ਅਰਮਾਨ ਬੈਨੀਪਾਲ ਆਦਿ ਹਾਜ਼ਰ ਰਹੇ।
ਰਿਲਾਇੰਸ ਪੈਟਰੋਲ ਪੰਪਾਂ ’ਤੇ ਧਰਨਾ ਜਾਰੀ
ਘਨੌਰ (ਗੁਰਪ੍ਰਤੀ ਸਿੰਘ): ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਸਬੰਧੀ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਵੱਲੋਂ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਇਸ ਖੇਤਰ ਦੇ ਪਿੰਡ ਬਪਰੌਰ ਅਤੇ ਮਦਨਪੁਰ ਨੇੜਲੇ ਰਿਲਾਇੰਸ ਪੈਟਰੋਲ ਪੰਪਾਂ ’ਤੇ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਦੌਰਨ ਕਿਸਾਨ ਆਗੂਆਂ ਅਮਰੀਕ ਸਿੰਘ ਸ਼ੰਭੂ ਕਲਾਂ, ਮਾਨ ਸਿੰਘ ਰਾਜਗੜ੍ਹ, ਅਵਤਾਰ ਸਿੰਘ ਘੜਾਮਾ, ਅਤੇ ਭਗਵਾਨ ਸਿੰਘ ਖਾਲਸਾ ਹਰਪਾਲਪੁਰ ਸਮੇਤ ਹੋਰਨਾਂ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਗੋਭੀ ਦਾ ਭਰਿਆ ਕੈਂਟਰ ਦਿੱਲੀ ਭੇਜਿਆ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਸਬੰਧੀ ਦਿੱਲੀ ਵਿੱਚ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ’ਚ ਕੀਤੇ ਜਾ ਰਹੇ ਕਿਸਾਨ ਅੰਦੋਲਨ ਵਿੱਚ ਇਲਾਕੇ ਦੇ ਪਿੰਡਾਂ ’ਚੋਂ ਲਗਾਤਾਰ ਕਿਸਾਨ ਸਬਜ਼ੀਆਂ, ਰਾਸ਼ਨ, ਦੁੱਧ ਅਤੇ ਹੋਰ ਸਾਮਾਨ ਲੈ ਕੇ ਜਾ ਰਹੇ ਹਨ ਤਾਂ ਕਿ ਦਿੱਲੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਤਹਿਤ ਅੱਜ ਦਿੜ੍ਹਬਾ ਤੋਂ ਕਿਸਾਨਾਂ ਵੱਲੋਂ 12 ਤੋਂ 15 ਕੁਇੰਟਲ ਦੇ ਕਰੀਬ ਗੋਭੀ ਟੈਂਪੂ ਵਿੱਚ ਲੱਦ ਕੇ ਦਿੱਲੀ ਭੇਜੀ ਗਈ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੂਰ) ਦੇ ਬਲਾਕ ਆਗੂ ਭੀਮ ਸਿੰਘ ਕੜਿਆਲ ਨੇ ਦੱਸਿਆ ਕਿ ਉਹ ਲਗਾਤਾਰ ਇੱਥੋਂ ਦਿੱਲੀ ਵਿਖੇ ਰਾਸ਼ਨ ਅਤੇ ਸਬਜ਼ੀਆਂ ਬਗੈਰਾ ਭੇਜ ਰਹੇ ਹਨ ਅਤੇ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਅਤੇ ਸਾਰੇ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।