ਮੁੰਬਈ, 29 ਦਸੰਬਰ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਸ਼ਹਿਰ ਵਿੱਚ ਪਰਤ ਆਈ ਅਤੇ ਅੱਜ ਉਸ ਨੇ ਮੁੰਬਾ ਦੇਵੀ ਤੇ ਸਿੱਧੀਵਿਨਾਇਕ ਮੰਦਰ ਵਿੱਚ ਪੂਜਾ ਕੀਤੀ। ਅਦਾਕਾਰਾ ਨੇ ਟਵੀਟ ਕਰਦਿਆਂ ਆਖਿਆ,‘‘ਮੇਰੇ ਚਹੇਤੇ ਸ਼ਹਿਰ ਮੁੰਬਈ ’ਚ ਮੌਜੂਦਾ ਸਮੇਂ ਮੈਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਮੈਂ ਮੁੰਬਾ ਦੇਵੀ ਤੇ ਸਿੱਧੀਵਿਨਾਇਕ ਮੰਦਰ ਵਿੱਚ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਹੁਣ ਮੈਂ ਸੁਰੱਖਿਅਤ, ਮਾਣਮੱਤੀ ਅਤੇ ਜੀ ਆਇਆਂ ਮਹਿਸੂਸ ਕਰ ਰਹੀ ਹਾਂ। ਜੈ ਹਿੰਦ, ਜੈ ਮਹਾਰਾਸ਼ਟਰ।’’ਕੰਗਨਾ ਦਾ ਟਵੀਟ ਮੁੰਬਈ ਸ਼ਹਿਰ ਦੀ ਪਾਕਿਸਤਾਨ ਨਾਲ ਤੁਲਨਾ ਕਰਨ ’ਤੇ ਮਹਾਰਾਸ਼ਟਰ ਸਰਕਾਰ ਨਾਲ ਹੋਏ ਵਿਵਾਦ ਤੋਂ ਕੁਝ ਮਹੀਨੇ ਬਾਅਦ ਆਇਆ। ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਕੰਗਨਾ ਨੇ ਮੁੰਬਈ ਸ਼ਹਿਰ ਦੀ ਤੁਲਨਾ ਮਕਬੂਜ਼ਾ ਕਸ਼ਮੀਰ ਨਾਲ ਕੀਤੀ ਸੀ ਅਤੇ ਪ੍ਰਸ਼ਾਸਨ ਨੂੰ ‘ਤਾਲਿਬਾਨ’ ਕਰਾਰ ਦਿੱਤਾ ਸੀ। ਉਪਰੰਤ 9 ਸਤੰਬਰ ਨੂੰ ਮੁੰਬਈ ਨਗਰ ਨਿਗਮ ਨੇ ਉਸ ਦੇ ਬਾਂਦਰਾ ਸਥਿਤ ਦਫ਼ਤਰ ਦਾ ਕੁਝ ਹਿੱਸਾ ਢਾਹ ਦਿੱਤਾ ਸੀ। -ਆਈਏਐੱਨਐੱਸ