ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਦਸੰਬਰ
ਸੰਘਰਸ਼ਸ਼ੀਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਚੜ੍ਹਦੀ ਕਲਾ ਅਤੇ ਫਤਹਿ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਦੇਸ਼-ਵਿਦੇਸ਼ ਦੀਆਂ ਸਮੂਹ ਇਕਾਈਆਂ ਨੇ ਅੱਜ ਅਰਦਾਸ ਸਮਾਗਮ ਕਰਵਾਏ।
ਇਸ ਸਬੰਧੀ ਜਥੇਬੰਦੀ ਦੇ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਮੁੱਖ ਅਰਦਾਸ ਸਮਾਗਮ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿੱਚ ਹੋਇਆ। ਇਸ ਮੌਕੇ ਸ਼ਬਦ ਕੀਰਤਨ ਅਤੇ ਅਰਦਾਸ ਉਪਰੰਤ ਬੁਲਾਰਿਆਂ ਨੇ ਕਿਹਾ ਕਿ ਬੁਨਿਆਦੀ ਹੱਕਾਂ ਲਈ ਸੰਘਰਸ਼ਾਂ ਨੂੰ ਜਿੱਤਣ ਦੀ ਜੁਗਤ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਮਿਲਦੀ ਹੈ। ਅਜਿਹੇ ਸੰਘਰਸ਼ “ਨਿਸਚੈ ਕਰ ਅਪਨੀ ਜੀਤ ਕਰੋਂ” ਦੇ ਉਦੇਸ਼ ਨਾਲ ਜਿੱਤੇ ਜਾਂਦੇ ਹਨ।
ਇਸ ਦੌਰਾਨ ਬੁਲਾਰਿਆਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਭਾਰਤ, ਖਾਸ ਕਰਕੇ ਪੰਜਾਬ ਦਾ ਕਿਸਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਕਰੇਗੀ। ਇਸ ਮੋਰਚੇ ਪ੍ਰਤੀ ਸਮਾਜਿਕ ਇੱਕਜੁਟਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 10 ਜਨਵਰੀ 2021 ਤੋਂ ਦੇਸ਼ ਭਰ ਦੀਆਂ ਇਕਾਈਆਂ ਰਾਹੀਂ ਰਨ ਫਾਰ ਫਾਰਮਰਜ਼ ਦੌੜ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਸੰਘਰਸ਼ ਵਿੱਚ ਸ਼ਾਮਲ ਲੋੜਵੰਦ ਕਿਸਾਨ ਅਤੇ ਮਜ਼ਦੂਰਾਂ ਦੀ ਗੁਰੂ ਨਾਨਕ ਮੋਦੀਖਾਨੇ ਰਾਹੀਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਤਿੰਨੋਂ ਕਾਨੂੰਨਾਂ ਦਾ ਪੰਜਾਬੀ ਤਰਜ਼ਮਾਂ ਸਮੁੱਚੇ ਪੰਜਾਬ ਵਿੱਚ ਵੰਡਿਆ ਜਾ ਰਿਹਾ ਹੈ। ਦਿੱਲੀ ਅੰਦੋਲਨ ਵਿੱਚ ਜਥੇਬੰਦੀ ਦੇ ਅਦਾਰੇ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵਲੋਂ ਉਤਸ਼ਾਹ ਵਧਾਊ ਫਰੀ ਲਿਟਰੇਚਰ ਵੰਡਿਆ ਜਾ ਰਿਹਾ ਹੈ। ਅਰਦਾਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਚੇਮਰਮੈਨ ਜਤਿੰਦਰਪਾਲ ਸਿੰਘ , ਜਸਪਾਲ ਸਿੰਘ ਪਿੰਕੀ ਤੇ ਸੁਰਜੀਤ ਸਿੰਘ ਮੌਜੂਦ ਸਨ।