ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਦਸੰਬਰ
ਇਥੇ ਵਿਸੇਸ਼ ਕੈਂਪ ’ਚ ਸ਼ਰੀਰਕ ਕਸਰਤ ਕਰ ਕੇ ਸੈਂਕੜੇ ਗੋਗੜ ਵਾਲੇ ਪੁਲੀਸ ਮੁਲਾਜਮ ਢਿੱਡ ਹੌਲਾ ਕਰਨ ਵਿੱਚ ਕਾਮਯਾਬ ਹੋਏ ਹਨ। ਪੋਹ ਦੀ ਠੰਢ ’ਚ ਸਵੇਰੇ 6 ਵਜੇ ਇਹ ਪੁਲੀਸ ਮੁਲਾਜ਼ਮ ਆਪਣੇ ਢਿੱਡ ਘਟਾਉਣ ਲਈ ਪੁਲੀਸ ਲਾਈਨ ਵਿੱਚ ਸਖਤ ਮਿਹਨਤ ਕਰਦੇ ਦਿਖਾਈ ਦਿੰਦੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੋਟਾਪੇ ਨਾਲ ਨਾ ਸਿਰਫ ਸਰੀਰ ਭੱਦਾ ਅਤੇ ਬੇਡੌਲ ਦਿਖਾਈ ਦਿੰਦਾ ਹੈ, ਸਗੋਂ ਸਿਹਤ ਨਾਲ ਸਬੰਧਤ ਕਈ ਪ੍ਰੇਸਾਨੀਆਂ ਵੀ ਹੁੰਦੀਆਂ ਹਨ। ਇਸ ਸਮੱਸਿਆ ਦਾ ਹੱਲ ਕੇਵਲ ਕਸਰਤ ਜਾਂ ਸਹੀ ਖਾਣ-ਪੀਣ ਨਾਲ ਹੀ ਸੰਭਵ ਹੈ। ਪੁਲੀਸ ਲਾਈਨ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਵਿਸ਼ੇਸ਼ ਕੈਂਪ ’ਚ 100 ਤੋਂ ਵੱਧ ਪੁਲੀਸ ਮੁਲਾਜ਼ਮ ਸਰੀਰਕ ਫਿਟਨੈਸ ਲਈ ਆ ਰਹੇ ਹਨ ਤੇ ਲਗਪਗ ਦੋ ਹਫ਼ਤਿਆਂ ਵਿੱਚ ਉਨ੍ਹਾਂ ਨੇ ਦੋ ਤੋਂ ਢਾਈ ਕਿਲੋ ਵਜ਼ਨ ਘਟ ਕੀਤਾ ਹੈ।
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ 16 ਸਤੰਬਰ ਨੂੰ 4 ਕਿਲੋ ਭੁੱਕੀ ਡੋਡੇ ਬਰਾਮਦ ਕੀਤੇ ਸਨ ਪਰ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਸੀ ਲੱਗਾ। ਮੁਲਜ਼ਮ ਮਲਕੀਤ ਸਿੰਘ ਉਰਫ਼ ਕਾਕਾ ਪਿੰਡ ਕਿਸ਼ਨਗੜ੍ਹ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਦੌਰਾਨ ਹਾਈ ਕੋਰਟ ਨੇ ਢਾਈ ਮਹੀਨੇ ਪਹਿਲਾਂ ਅਕਤੂਬਰ ਮਹੀਨੇ ਵਿੱਚ ਏਡੀਜੀਪੀ ਬਿਉੂਰੋ ਆਫ਼ ਇਨਵੈਸਟੀਗੇਸ਼ਨ ਨੂੰ ਮੋਟੇ ਪੁਲੀਸ ਮੁਲਾਜ਼ਮਾਂ ਦਾ ਸਰੀਰਕ ਫ਼ਿਟਨੈਸ ਟੈਸਟ ਲੈਣ ਅਤੇ ਗੋਗੜ ਵਾਲੇ ਅਨਫਿਟ ਪੁਲੀਸ ਮੁਲਾਜ਼ਮਾਂ ਨੂੰ ਸਿਖਲਾਈ ਅਕੈਡਮੀ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ।