ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 31 ਦਸੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿਟੀਜ਼ਨ ਫੋਰਮ ਲੰਡਨ ਦੇ ਨਾਲ ਅਹਿਮ ਸਮਝੌਤੇ ਤਹਿਤ ਦੋਵਾਂ ਸੰਸਥਾਵਾਂ ਸ਼ਹਿਰੀ ਵਾਤਾਵਰਨ ਨੂੰ ਵਧੇਰੇ ਸੁਖਾਵਾਂ ਅਤੇ ਸਿਹਤਮੰਦ ਬਣਾਉਣ ਲਈ ਖੋਜ ਸਬੰਧੀ ਕਾਰਜ ਕਰਨਗੇ। ਇਹ ਸਮਝੌਤਾ ਸਹੀਬੰਦ ਕਰਨ ਸਮੇਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ (ਅਕਾਦਮਿਕ ਮਾਮਲੇ) ਪ੍ਰੋ. ਐੱਸ ਐੱਸ ਬਹਿਲ ਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਹਾਜ਼ਰ ਸਨ।
ਸ੍ਰੀ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਹੈਬੀਟੇਟ ਨੇ ਸਿਟੀਜ਼ਨ ਫੋਰਮ, ਲੰਡਨ ਨਾਲ ਕੀਤੇ ਇਸ ਸਮਝੌਤੇ ਅਧੀਨ ਇਸ ਵਿਸ਼ੇ ’ਤੇ ਤਕਨੀਕੀ ਅਤੇ ਖੋਜ ਆਧਾਰਤ ਕਾਰਜ ਕੀਤੇ ਜਾਣਗੇ ਅਤੇ ਸ਼ਹਿਰੀ ਨਿਵਾਸ ਨੂੰ ਦਰਪੇਸ਼ ਔਕੜਾਂ ਨੂੰ ਧਿਆਨ ਵਿਚ ਰੱਖਦਿਆਂ ਆਵਾਜਾਈ, ਆਵਾਸ, ਪੀਣ ਯੋਗ ਪਾਣੀ, ਪ੍ਰਦੂਸ਼ਣ ਅਤੇ ਸੈਨੀਟੇਸ਼ਨ ਸਬੰਧੀ ਚੁਣੌਤੀਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਸ ਸਬੰਧੀ ਦੋਵਾਂ ਅਦਾਰਿਆਂ ਵੱਲੋਂ ਵਰਕਸ਼ਾਪਾਂ, ਸੈਮੀਨਾਰ ਅਤੇ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ। ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ਵਲੋਂ ਵਿਵਹਾਰਕ ਸਿਖਲਾਈ ਦੇਣ ਲਈ ਵਿਸ਼ੇਸ਼ ਆਦਾਨ-ਪ੍ਰਦਾਨ ਪ੍ਰੋਗਰਾਮ ਕਰਵਾਏ ਜਾਣਗੇ।