ਸਾਂਵਲ ਧਾਮੀ
ਸੰਤਾਲੀ ਤੋਂ ਪਹਿਲਾਂ ਜ਼ਿਲ੍ਹਾ ਸ਼ੇਖ਼ੂਪੁਰੇ ’ਚ ਲੁਬਾਣਾ ਬਰਾਦਰੀ ਦੇ ਤਕਰੀਬਨ ਪੰਜਾਹ, ਸਿਆਲਕੋਟ ’ਚ ਦਸ, ਸਰਗੋਧੇ ’ਚ ਪੰਜ, ਗੁੱਜਰਾਂਵਾਲੇ ’ਚ ਤੇਰ੍ਹਾਂ, ਗੁਜਰਾਤ ’ਚ ਪੰਦਰਾਂ, ਮੁਲਤਾਨ ਅਤੇ ਲਾਹੌਰ ’ਚ ਅੱਠ-ਅੱਠ ਤੇ ਝੰਗ ’ਚ ਸਿਰਫ਼ ਇਕ ਚੱਕ 485 ਸੀ।
ਗੁਜਰਾਤ ਜ਼ਿਲ੍ਹੇ ’ਚ ਲੁਬਾਣਿਆਂ ਦੇ ਪਿੰਡਾਂ ਦੇ ਨਾਂ ਸਨ; ਹਟਕਾ, ਬਜ਼ੁਰਗਵਾਲ, ਬਰਮਾਲਾ, ਭੱਖੜੇਵਾਲੀ, ਬੁੱਢਣ, ਗੁੱਝਗਰਾਂ, ਖੋੜੀ ਦੂਨਾ ਸਿੰਘ, ਮਹਿਸਮ, ਪੇਰੋਸ਼ਾਹ, ਕਿਲ੍ਹਾ ਸੂਰਾ ਸਿੰਘ, ਕੁਆਂਖ, ਸੁਰਖ਼ਪੁਰ, ਬਾਘੋਵਾਲ, ਬਹਿਲੋਲਪੁਰ ਤੇ ਟਾਂਡਾ। ਟਾਂਡਾ ਇਸ ਬਰਾਦਰੀ ਦਾ ਸਭ ਨਾਲੋਂ ਵੱਡਾ ਪਿੰਡ ਸੀ।
ਇਹ ਇਸ ਪਿੰਡ ਦੇ ਦੋ ਦੋਸਤਾਂ ਦੀ ਕਹਾਣੀ ਹੈ। ਉਹ ਪੱਗ ਵਟ ਭਰਾ ਬਣੇ ਹੋਏ ਸਨ। ਇਕ ਦਾ ਨਾਂ ਮਾਨ ਸਿੰਘ ਸੀ ਅਤੇ ਦੂਜੇ ਦਾ ਨਾਂ ਮਿਸਤਰੀ ਮੁਹੰਮਦ ਦੀਨ। ਮੁਹੰਮਦ ਦੀਨ ਦੇ ਬਜ਼ੁਰਗ ਵੀ ਲੁਬਾਣੇ ਸਨ। ਉਹ ਮੁਸਲਮਾਨ ਹੋ ਗਏ ਸਨ। ਮਾਨ ਸਿੰਘ ਮੁਹੱਲਾ ਸੁਲਝਾਣਿਆ ਅਤੇ ਮੁਹੰਮਦ ਦੀਨ ਮੁਹੱਲਾ ਗੜੀ ’ਚ ਵੱਸਦਾ ਸੀ। ਮਾਨ ਸਿੰਘ ਦਾ ਪਿਤਾ ਗੁਰਦਿੱਤ ਸਿੰਘ ਅਤੇ ਮੁਹੰਮਦ ਦੀਨ ਦਾ ਅੱਬਾ ਅਲੀ ਮੁਹੰਮਦ ਵੀ ਦੋਸਤ ਸਨ ਤੇ ਇਕੱਠੇ ਫੌਜ ’ਚ ਭਰਤੀ ਹੋਏ ਸਨ।
ਮਾਨ ਸਿੰਘ ਅਤੇ ਮੁਹੰਮਦ ਦੀਨ ਨੇ 1918 ਦੇ ਕਰੀਬ ਮੁਹੱਲਾ ਕੋਟ ’ਚ ਸਾਂਝੀ ਆਟਾ ਚੱਕੀ ਲਗਾਈ ਸੀ। ਇਹ ਇੰਜਣ ਨਾਲ ਚੱਲਦੀ ਸੀ। ਇਹਦਾ ਇੰਜਣ ਆਇਲ ਮੇਕਰ ਵਾਲਸਨ 26129-17 ਐੱਚ.ਪੀ. ਸੀ। ਇਹ ਇਕ ਹਾਰਸ ਪਾਵਰ ਦਾ ਸੀ। ਇਸ ਇੰਜਣ ਨੂੰ ਉਨ੍ਹਾਂ ਅੰਮ੍ਰਿਤਸਰ ਤੋਂ ਖ਼ਰੀਦਿਆ ਸੀ। ਆਟਾ ਚੱਕੀ ਵਾਲੀ ਥਾਂ ਉਨ੍ਹਾਂ ਪਾਣੀ ਵਾਲਾ ਨਲਕਾ ਵੀ ਲਗਾਇਆ ਸੀ। ਇਸ ਚੱਕੀ ਦਾ ਸਾਰਾ ਕੰਮ ਮਿਸਤਰੀ ਮੁਹੰਮਦ ਦੀਨ ਸੰਭਾਲਦਾ ਸੀ। ਉਹ ਪੰਦਰਾਂ ਦਿਨਾਂ ਬਾਅਦ ਹਿਸਾਬ ਕਰਦੇ ਸਨ। ਉਹ ਉਨੱਤੀ-ਤੀਹ ਵਰ੍ਹੇ ਸਾਂਝੀ ਚੱਕੀ ਚਲਾਉਂਦੇ ਰਹੇ। ਮਾਨ ਸਿੰਘ ਅਤੇ ਮੁਹੰਮਦ ਦੀਨ ਦਰਮਿਆਨ ਕਦੇ ਇਕ ਪੈਸੇ ਦਾ ਵੀ ਰੌਲਾ ਨਾ ਪਿਆ।
ਉਸ ਸਾਂਝੀ ਚੱਕੀ ’ਤੇ ਮਹਿਫ਼ਲ ਲੱਗੀ ਰਹਿੰਦੀ। ਹਿੰਦੂ, ਸਿੱਖ ਤੇ ਮੁਸਲਮਾਨ ਉੱਥੇ ਇਕੱਠੇ ਹੁੰਦੇ। ਜੁੜਨ ਵਾਲਿਆਂ ਦੇ ਨਾਂ ਇਸ ਤਰ੍ਹਾਂ ਨੇ: ਚੱਕ ਬਾਘਾ ਪਿੰਡ ਦੇ ਮੁਹੰਮਦ ਮੁਗਲ ਦਾ ਪੁੱਤਰ ਮਿਰਜ਼ਾ ਮੁਹੰਮਦ ਚਿਰਾਗ਼, ਇਸੇ ਪਿੰਡ ਦੇ ਹਸਨ ਮੁਹੰਮਦ ਦਾ ਪੁੱਤਰ ਅੱਲਾ ਦਿੱਤਾ। ਟਾਂਡੇ ਦੇ ਨਿਹਾਲ ਸਿੰਘ ਦਾ ਪੁੱਤਰ ਭਗਤ ਸਿੰਘ, ਇਸੇ ਪਿੰਡ ਦੇ ਮਸ਼ਹੂਰ ਸੁਨਿਆਰ ਬਾਬੂ ਬਦਰੀਨਾਥ ਤੇ ਬਾਬਾ ਮੁਹੰਮਦ ਫੁਰਮਾਨ। ਮੁਹੱਲਾ ਕੋਟ ਦੇ ਨਾਨਕ ਸਿੰਘ, ਭਾਨਾ ਸੁਨਿਆਰ, ਅਕਾਲੀ ਗੁਰਦੁਆਰੇ ਦੇ ਭਾਈ ਲਾਭ ਸਿੰਘ, ਦੇਵਾ ਸਿੰਘ ਦਾ ਪੁੱਤਰ ਹਰਨਾਮ ਸਿੰਘ, ਜਮ੍ਹਾਂਦਾਰ ਨਾਨਕ ਸਿੰਘ, ਨੱਥੂ ਸਿੰਘ, ਚੌਧਰੀ ਦਿਆਲ ਸਿੰਘ, ਖੱਤਰੀਆਂ ’ਚੋਂ ਪ੍ਰੇਮ ਦਾਸ, ਰਾਮ ਜਾਇਆ ਮੱਲ, ਭਾਗੋ ਸਿੰਘ, ਧਨੀ ਚੰਦ, ਮੁਨਸ਼ੀ ਲੱਧਾ ਰਾਮ, ਜਗਨ ਮੱਲ ਤੇ ਖ਼ੁਸ਼ੀ ਰਾਮ ਕੋਹਲੀ।
ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਵੰਡ ਦੀਆਂ ਖ਼ਬਰਾਂ ਆਉਣ ਲੱਗੀਆਂ। ਮਾਨ ਸਿੰਘ ਦੇ ਸੰਤਾਲੀ ’ਚ ਤਿੰਨ ਬੱਚੇ ਸਨ। ਵੱਡੀ ਲੜਕੀ ਗੁਰਦਰਸ਼ਨ ਕੌਰ ਤੇਰਾਂ ਕੁ ਵਰ੍ਹਿਆਂ ਦੀ ਸੀ। ਉਸ ਤੋਂ ਛੋਟਾ ਗੁਰਧਿਆਨ ਸਿੰਘ ਦਸ ਤੇ ਸਭ ਨਾਲੋਂ ਛੋਟਾ ਬਿੱਲਾ ਪੰਜ ਕੁ ਵਰ੍ਹਿਆਂ ਦਾ ਸੀ। ਹਾਲਾਤ ਖ਼ਰਾਬ ਹੋਣ ਤੋਂ ਇਕ ਮਹੀਨਾ ਪਹਿਲਾਂ ਦੀ ਗੱਲ ਏ। ਮਾਨ ਸਿੰਘ ਦੀ ਇਕ ਭੈਣ ਜੰਮੂ ’ਚ ਰਹਿੰਦੀ ਸੀ। ਮਿਸਤਰੀ ਮੁਹੰਮਦ ਦੀਨ ਉਨ੍ਹਾਂ ਦਾ ਕੀਮਤੀ ਸਾਮਾਨ ਤੇ ਸਾਰੇ ਜੀਆਂ ਨੂੰ ਜੰਮੂ ਛੱਡ ਆਇਆ ਸੀ। ਖ਼ੁਦ ਮਾਨ ਸਿੰਘ ਟਾਂਡੇ ’ਚ ਹੀ ਟਿਕੇ ਰਹੇ। ਅਗਸਤ ਮਹੀਨੇ ’ਚ ਜਦੋਂ ਹਾਲਤ ਵੱਸੋਂ ਬਾਹਰ ਹੋ ਗਏ ਤਾਂ ਮੁਹਮੰਦ ਦੀਨ ਆਪਣੇ ਦੋਸਤ ਨੂੰ ਵੀ ਜੰਮੂ ਦੀ ਹੱਦ ਤਕ ਛੱਡ ਗਿਆ। ਵਿਛੜਨ ਲੱਗਿਆਂ ਬਹੁਤ ਦਰਦਨਾਕ ਮੰਜ਼ਰ ਸੀ। ਉਹ ਕਾਫ਼ੀ ਦੇਰ ਇਕ-ਦੂਜੇ ਦੇ ਗਲ਼ ਲੱਗ ਕੇ ਰੋਂਦੇ ਰਹੇ। ਆਉਣ ਲੱਗਿਆਂ ਮਾਨ ਸਿੰਘ ਨੇ ਆਪਣੇ ਘਰ ਦੀਆਂ ਚਾਬੀਆਂ ਵੀ ਮਿਸਤਰੀ ਮੁਹੰਮਦ ਦੀਨ ਨੂੰ ਫੜਾ ਦਿੱਤੀਆਂ ਸਨ।
ਇਸ ਪਿੰਡ ’ਚ ਲੁਬਾਣਿਆਂ ਦੇ ਘਰ ਅਤੇ ਜ਼ਮੀਨਾਂ ਸਾਂਭਣ ਲਈ ਬਹੁਤੇ ਲੋਕ ਜੰਮੂ ਰਿਆਸਤ ਤੋਂ ਗਏ। ਇਕ ਪਰਿਵਾਰ ਨੂੰ ਮਾਨ ਸਿੰਘ ਦਾ ਘਰ ਅਲਾਟ ਹੋ ਗਿਆ। ਮਿਸਤਰੀ ਮੁਹੰਮਦ ਦੀਨ ਉਸ ਘਰ ਮੂਹਰਿਓਂ ਦੀ ਲੰਘਦੇ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ। ਉਹਨੇ ਫਿਰ ਤੋਂ ਚੱਕੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੁੜ ਚੱਕੀ ਵਾਲਾ ਕੰਮ ਨਾ ਕਰ ਸਕਿਆ।
ਇੱਧਰ ਮਾਨ ਸਿੰਘ ਦਾ ਟੱਬਰ ਕੁਝ ਦੇਰ ਜੰਮੂ ਰਹਿਣ ਤੋਂ ਬਾਅਦ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਮਿਆਣੀ ਅਫ਼ਗਾਨਾਂ ਚਲਾ ਆਇਆ। ਮਾਨ ਸਿੰਘ ਨੇ ਆਪਣੇ ਦੋਸਤ ਨੂੰ ਚਿੱਠੀ ਲਿਖੀ। ਉਸ ਚਿੱਠੀ ’ਚ ਉਹਨੇ ਟਾਂਡੇ ਅਤੇ ਆਪਣੇ ਦੋਸਤ ਤੋਂ ਵਿਛੋੜੇ ਦੀਆਂ ਗੱਲਾਂ ਲਿਖੀਆਂ ਸਨ। ਅਖ਼ੀਰ ’ਚ ਆਪਣੀ ਮੰਦਹਾਲੀ ਦਾ ਵੀ ਜ਼ਿਕਰ ਕੀਤਾ ਸੀ।
ਚਿੱਠੀ ਪੜ੍ਹਨ ਮਗਰੋਂ ਮਿਸਤਰੀ ਮੁਹੰਮਦ ਦੀਨ ਨੇ ਚੱਕੀ ਵੇਚ ਦਿੱਤੀ। ਉਹ ਭੇਸ ਬਦਲ ਕੇ ਮਿਆਣੀ ਆਇਆ। ਮਾਨ ਸਿੰਘ ਦਾ ਨਿੱਕਾ-ਨਿੱਕਾ ਸਾਮਾਨ ਅਤੇ ਚੱਕੀ ਦੇ ਬਣਦੇ ਰੁਪਏ ਦੇ ਕੇ ਵਾਪਸ ਪਰਤ ਗਿਆ।
ਇਨ੍ਹਾਂ ਰੁਪਈਆਂ ਦੀ ਮਦਦ ਨਾਲ ਮਾਨ ਸਿੰਘ ਨੇ ਫਿਰ ਤੋਂ ਚੱਕੀ ਲਗਾਈ। ਤਿੰਨ ਕੁ ਵਰ੍ਹਿਆਂ ਬਾਅਦ ਉਨ੍ਹਾਂ ਨੂੰ ਜ਼ਮੀਨ ਵੀ ਅਲਾਟ ਹੋ ਗਈ। ਮਾਨ ਸਿੰਘ ਨੇ ਬਹੁਤ ਮਿਹਨਤ ਕੀਤੀ। ਉਹਦੀ ਧੀ ਨੇ ਐੱਮ.ਬੀ.ਬੀ.ਐੱਸ. ਦੀ ਡਿਗਰੀ ਲਈ। ਵੱਡਾ ਪੁੱਤਰ ਇਲੈੱਕਟ੍ਰੀਕਲ ਇੰਨਜੀਨੀਅਰ ਬਣਿਆ ਅਤੇ ਛੋਟਾ ਫ਼ੌਜ ’ਚ ਅਫ਼ਸਰ।
ਸਾਲ 1958 ’ਚ ਮਾਨ ਸਿੰਘ ਆਪਣੇ ਪਿੰਡ ਟਾਂਡਾ ਨੂੰ ਵੇਖਣ ਗਿਆ। ਦੋਵੇਂ ਦੋਸਤਾਂ ਨੇ ਸਾਰਾ ਪਿੰਡ ਘੁੰਮ ਕੇ ਵੇਖਿਆ। ਇਸ ਮੁਲਾਕਾਤ ਤੋਂ ਬਾਅਦ ਉਹ ਮੁੜ ਨਾ ਮਿਲ ਸਕੇ। ਉਨ੍ਹਾਂ ਇਕ-ਦੂਜੇ ਨੂੰ ਸੈਆਂ ਖ਼ਤ ਲਿਖੇ। ਖ਼ਤਾਂ ਦਾ ਇਹ ਸਿਲਸਿਲਾ 1978 ਤਕ ਚੱਲਦਾ ਰਿਹਾ। ਮਿਆਣੀ ਤੋਂ ਟਾਂਡੇ ਨੂੰ ਆਖਰੀ ਖ਼ਤ ਸੰਨ ਅੱਸੀ ’ਚ ਗਿਆ ਜੋ ਮਾਨ ਸਿੰਘ ਦੀ ਲੜਕੀ ਦਾ ਲਿਖਿਆ ਹੋਇਆ ਸੀ। ਇਸ ਖ਼ਤ ’ਚ ਇਕ ਮਨਹੂਸ ਖ਼ਬਰ ਉਕਰੀ ਹੋਈ ਸੀ। ਮਾਨ ਸਿੰਘ ਹੋਰਾਂ ਦੀ ਮੌਤ ਦੀ ਖ਼ਬਰ। ਇਸ ਖ਼ਤ ਨੂੰ ਪੜ੍ਹ ਕੇ ਹਾਜੀ ਮੁਹੰਮਦ ਦੀਨ ਭੁੱਬਾਂ ਮਾਰ ਕੇ ਰੋਇਆ ਸੀ। ਮਿਸਤਰੀ ਮੁਹੰਮਦ ਦੀਨ ਨੇ ਰੋਂਦਿਆਂ ਅਫ਼ਸੋਸ ਦੀ ਚਿੱਠੀ ਲਿਖੀ। ਆਖ਼ਰੀ ਚਿੱਠੀ।
ਮਿਸਤਰੀ ਮੁਹੰਮਦ ਦੀਨ ਹੋਰੀਂ 1985 ’ਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਆਖ਼ਰੀ ਸਾਹ ਗੁਜਰਾਤ ਸ਼ਹਿਰ ਦੇ ਕਿਸੇ ਹਸਪਤਾਲ ’ਚ ਲਿਆ। ਉਨ੍ਹਾਂ ਨੂੰ ਟਾਂਡੇ ਦੀ ਇਤਿਹਾਸਕ ਕਬਰਗਾਹ ‘ਨੌਮਾਨੇ ਸ਼ਾਹ’ ’ਚ ਦਫ਼ਨਾਇਆ ਗਿਆ। ਉਹ ਇਲਾਕੇ ਦੀ ਮਾਣ-ਮੱਤੀ ਸ਼ਖ਼ਸੀਅਤ ਸਨ। ਉਨ੍ਹਾਂ ਦੀ ਮਈਅਤ ’ਤੇ ਹਜ਼ਾਰਾਂ ਲੋਕ ਜੁੜੇ ਸਨ।
ਮਿਸਤਰੀ ਹੋਰਾਂ ਦੀ ਮੌਤ ਤੋਂ ਤਿੰਨ ਵਰ੍ਹੇ ਬਾਅਦ ਉਨ੍ਹਾਂ ਦੇ ਪੋਤਰੇ ਆਸਿਫ਼ ਮੁਹੰਮਦ ਦਾ ਜਨਮ ਹੋਇਆ। ਹੋਸ਼ ਸੰਭਾਲੀ ਤੇ ਉਹਨੇ ਆਪਣੇ ਅੱਬਾ ਕੋਲੋਂ ਦਾਦੇ ਦੀਆਂ ਗੱਲਾਂ ਸੁਣੀਆਂ। ਹਰ ਗੱਲ ’ਚ ਮਾਨ ਸਿੰਘ ਹੋਰਾਂ ਦਾ ਜ਼ਿਕਰ ਆ ਜਾਂਦਾ। ਥੋੜ੍ਹਾ ਹੋਰ ਵੱਡਾ ਹੋਇਆ ਤਾਂ ਉਹਨੇ ਘਰ ’ਚ ਪਈਆਂ ਵਹੀਆਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ’ਚ ਸੰਤਾਲੀ ਤੋਂ ਪਹਿਲਾਂ ਦੇ ਵਾਸੀਆਂ ਦਾ ਨਾਂ ਅਤੇ ਹਿਸਾਬ-ਕਿਤਾਬ ਦਰਜ ਸੀ। ਉਹਨੇ 1943 ਦੀ ਇਕ ਤਸਵੀਰ ਵੇਖੀ। ਉਹਦੇ ਪੜਦਾਦੇ ਅਲੀ ਮੁਹੰਮਦ ਦੀ ਮਈਅਤ ਦੀ ਤਸਵੀਰ। ਇਸ ਤਸਵੀਰ ’ਚ ਅਰਥੀ ਨੂੰ ਮੋਢਾ ਦੇਣ ਵਾਲਿਆਂ ’ਚ ਸਿੱਖ ਵੀ ਸ਼ਾਮਲ ਸਨ।
ਫਿਰ ਉਹਨੇ ਆਪਣੇ ਦਾਦੇ ਦੇ ਮਿੱਤਰ ਮਾਨ ਸਿੰਘ ਹੋਰਾਂ ਦੀਆਂ ਚਿੱਠੀਆਂ ਪੜ੍ਹੀਆਂ। ਉਹ ਹੈਰਾਨ ਰਹਿ ਗਿਆ। ਇਕ ਪਾਸੇ ਦੋਵਾਂ ਮੁਲਕਾਂ ’ਚ ਤਣਾਅ ਦੀ ਸਿਖ਼ਰ ਸੀ ਤੇ ਦੂਜੇ ਪਾਸੇ ਮਾਨ ਸਿੰਘ ਦੀ ਮੁਹੱਬਤ ਅੱਖਰ ਬਣ ਕੇ ਉਹਦੀਆਂ ਅੱਖਾਂ ਸਾਹਵੇਂ ਵਿਛੀ ਪਈ ਸੀ।
ਉਹ ਜਿਸ ਇਸਲਾਮੀਆ ਸਕੂਲ ’ਚ ਪੜ੍ਹਦਾ ਸੀ ਉੱਥੇ ਵੀ ਕੁਝ ਸਿੱਖਾਂ ਦੇ ਨਾਂ ਉਕਰੇ ਪਏ ਸਨ। ਉਹਨੂੰ ਪਤਾ ਲੱਗਿਆ ਕਿ ਇਸ ਸਕੂਲ ਦਾ ਅਸਲ ਨਾਂ ਗੁਰੂ ਗੋਬਿੰਦ ਸਿੰਘ ਖਾਲਸਾ ਲੁਬਾਣਾ ਹਾਈ ਸਕੂਲ ਸੀ ਅਤੇ ਇਸਨੂੰ ਮੁਰਾਲ਼ੇ ਵਾਲੇ ਸੰਤ ਪ੍ਰੇਮ ਸਿੰਘ ਜੀ ਨੇ ਬਣਵਾਇਆ ਸੀ। ਉਹਦੇ ਅੰਦਰ ਸੰਤ ਪ੍ਰੇਮ ਸਿੰਘ ਜੀ ਲਈ ਅਜਿਹੀ ਸ਼ਰਧਾ ਪੈਦਾ ਹੋਈ ਕਿ ਉਹਨੇ ਆਪਣੇ ਘਰ ’ਚ ਉਨ੍ਹਾਂ ਦੀ ਤਸਵੀਰ ਲਗਾ ਲਈ। ਉਹਨੇ ਸੰਤ ਹੋਰਾਂ ਦੀ ਅਕੀਦਤ ’ਚ ਕਈ ਨਜ਼ਮਾਂ ਵੀ ਲਿਖੀਆਂ ਨੇ।
ਫਿਰ ਉਹਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਦਾਦੇ ਦੇ ਮਿੱਤਰ ਦਾ ਟੱਬਰ ਤਲਾਸ਼ਣਾ ਸ਼ੁਰੂ ਕਰ ਦਿੱਤਾ। ਉਹਦੀ ਤਲਾਸ਼ ਨੂੰ ਆਸਰਾ ਓਸ ਵੇਲੇ ਮਿਲਿਆ ਜਦੋਂ ਫੇਸਬੁੱਕ ਜ਼ਰੀਏ ਉਹਦਾ ਰਾਬਤਾ ਜਰਮਨੀ ’ਚ ਵਸਦੇ ਆਦਰਸ਼ਪਾਲ ਸਿੰਘ ਘੋਤੜਾ ਨਾਲ ਹੋਇਆ। ਜਦੋਂ ਆਦਰਸ਼ਪਾਲ ਸਿੰਘ ਭਾਰਤ ਆਇਆ ਤਾਂ ਉਹ ਮਿਆਣੀ ਅਫ਼ਗਾਨਾ ਗਿਆ। ਉਹਨੇ ਮਾਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਲੱਭ ਲਿਆ।
16 ਫਰਵਰੀ 2016 ਦਾ ਦਿਨ ਸੀ। ਕਈ ਵਰ੍ਹਿਆਂ ਬਾਅਦ ਦੋ ਦੋਸਤਾਂ ਦੇ ਪਰਿਵਾਰਾਂ ਦਾ ਮੁੜ ਤੋਂ ਰਾਬਤਾ ਹੋਇਆ। ਮਾਨ ਸਿੰਘ ਦੇ ਵੱਡੇ ਲੜਕੇ ਗੁਰਧਿਆਨ ਸਿੰਘ ਨੇ ਅਮਰੀਕਾ ਤੋਂ ਆਸਿਫ਼ ਨੂੰ ਫੋਨ ਕੀਤਾ। ਦੋਵੇਂ ਕੁਝ ਪਲ ਰੋਂਦੇ ਰਹੇ।
ਇਹ ਸਾਰੀਆਂ ਗੱਲਾਂ ਮੈਨੂੰ ਆਸਿਫ਼ ਨੇ ਸੁਣਾਈਆਂ ਨੇ।
“ਅੱਬਾ ਜੀ ਦੱਸਦੇ ਹੁੰਦੇ ਸਨ ਕਿ ਮਾਨ ਸਿੰਘ ਦੀ ਮੌਤ ਦੀ ਖ਼ਬਰ ਨੇ ਮਿਸਤਰੀ ਮੁਹੰਮਦ ਦੀਨ ਦਾ ਦਿਲ ਤੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਉਸ ਥਾਂ ਦਰੀ ਵਿਛਾ ਲਈ ਜਿੱਥੇ ਕਦੇ ਦੋ ਦੋਸਤਾਂ ਨੇ ਚੱਕੀ ਲਗਾਈ ਸੀ। ਕੋਈ ਯਕੀਨ ਕਰੇ ਜਾਂ ਨਾ ਕਰੇ, ਪਰ ਇਹ ਸੱਚ ਹੈ ਕਿ ਟਾਂਡੇ ਅਤੇ ਨੇੜਲੇ ਪਿੰਡਾਂ ਦੇ ਮੁਕਾਮੀ ਲੋਕ ਉਨ੍ਹਾਂ ਕੋਲ ਕਈ ਦਿਨ ਆਉਂਦੇ ਰਹੇ ਸਨ। ਟਾਂਡੇ ਦੇ ਜੰਮੇ-ਜਾਏ ਮਾਨ ਸਿੰਘ ਹੋਰਾਂ ਦਾ ਅਫ਼ਸੋਸ ਕਰਨ!” ਗੱਲਬਾਤ ਦੇ ਅੰਤ ’ਚ ਇਹ ਗੱਲ ਦੱਸਦਿਆਂ ਉਹਦਾ ਗੱਚ ਭਰ ਆਇਆ ਸੀ।
ਸੰਪਰਕ: 97818-43444