ਨਵੀਂ ਦਿੱਲੀ, 6 ਨਵੰਬਰ
ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲਨਾਥ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਸਿਆਸੀ ਹਾਲਾਤ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜ਼ਿਮਨੀ ਚੋਣਾਂ ਦੇ ਨਤੀਜਿਆਂ ਮਗਰੋਂ ਇਹ ਬੈਠਕ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਸੂਬਿਆਂ ’ਚ ਕਾਂਗਰਸ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ’ਚ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਪੰਜਾਬ, ਉੱਤਰਾਖੰਡ, ਗੋਆ, ਮਨੀਪੁਰ ਅਤੇ ਯੂਪੀ ’ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਾਰਟੀ ਵੱਲੋਂ ਉੱਤਰ ਪ੍ਰਦੇਸ਼ ’ਚ ਭਾਜਪਾ ਅਤੇ ਸਮਾਜਵਾਦੀ ਪਾਰਟੀ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਨੇ 30 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਸੂਬਾ ਇਕਾਈਆਂ ਦੇ ਸਾਰੇ ਪ੍ਰਧਾਨਾਂ ਅਤੇ ਇੰਚਾਰਜਾਂ ਤੋਂ ਰਿਪੋਰਟਾਂ ਮੰਗੀਆਂ ਹਨ। ਪਾਰਟੀ ਵੱਲੋਂ ਜ਼ਿਮਨੀ ਚੋਣਾਂ ’ਚ ਜਿੱਤ ਅਤੇ ਹਾਰ ਦੇ ਕਾਰਨਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗੋਪਾਲ ਨੇ ਇਸ ਬਾਰੇ ਸ਼ੁੱਕਰਵਾਰ ਨੂੰ ਪੱਤਰ ਜਾਰੀ ਕੀਤਾ ਸੀ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਦੀ ਇਕ ਸੀਟ ਅਤੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਰਾਜਸਥਾਨ ਦੀਆਂ ਦੋ, ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ’ਚ ਇਕ-ਇਕ ਸੀਟ ’ਤੇ ਜ਼ਿਮਨੀ ਚੋਣ ਜਿੱਤੀ ਹੈ। ਉਂਜ ਅਸਾਮ, ਮੇਘਾਲਿਆ, ਮਿਜ਼ੋਰਮ, ਬਿਹਾਰ, ਪੱਛਮੀ ਬੰਗਾਲ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਕਾਂਗਰਸ ਨੂੰ ਕਿਸੇ ਵੀ ਸੀਟ ’ਤੇ ਜਿੱਤ ਨਸੀਬ ਨਹੀਂ ਹੋਈ। -ਆਈਏਐਨਐਸ