ਟ੍ਰਿਬਿਊਨ ਨਿਊਜ਼ ਸਰਵਿਸ
ਡੈਲਟਾ, 4 ਜਨਵਰੀ
ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨ ਵਾਲੇ ਕਵੀ ਤੇ ਨਾਟਕਕਾਰ ਤੇਰਾ ਸਿੰਘ ਚੰਨ ਨੂੰ ਸਮਰਪਿਤ ਕੈਲੰਡਰ ਅੱਜ ਇੱਥੇ ਜਾਰੀ ਕੀਤਾ ਗਿਆ। ਲੇਖਕ ਦੇ ਜਨਮ ਸ਼ਤਾਬਦੀ ਵਰ੍ਹੇ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਵੈਨਕੂਵਰ ਅਧਾਰਿਤ ਆਨਲਾਈਨ ਰਸਾਲੇ ‘ਰੈਡੀਕਲ ਦੇਸੀ’ ਵੱਲੋਂ ਆਨਲਾਈਨ ਕਰਵਾਏ ਇਕ ਸਮਾਗਮ ਵਿਚ ਇਹ ਕੈਲੰਡਰ ਰਿਲੀਜ਼ ਕੀਤਾ। ‘ਮਹਿਕ ਪੰਜਾਬ ਦੀ ਟੀਵੀ’, ‘ਸਪਾਈਸ ਰੇਡੀਓ’, ‘ਪੀਪਲਜ਼ ਵੁਆਇਸ’ ਵੱਲੋਂ ਸਾਂਝੇ ਯਤਨਾਂ ਨਾਲ ਤਿਆਰ ਕੀਤੇ ਕੈਲੰਡਰ ਨੂੰ ਰਿਲੀਜ਼ ਕਰਨ ਮੌਕੇ ਚੰਨ ਦੀ ਧੀ ਸੁਲੇਖਾ ਰਘਬੀਰ ਤੇ ਦੋਹਤਰੀ ਰਚਨਾ ਸਿੰਘ ਹਾਜ਼ਰ ਸਨ। ਰਚਨਾ ਸਿੰਘ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿਚ ਸੰਸਦੀ ਸਕੱਤਰ ਵਜੋਂ ਸੇਵਾਵਾਂ ਦੇ ਰਹੇ ਹਨ। ਸਮਾਗਮ ਦੀ ਸ਼ੁਰੂਆਤ ਵਿਚ ਪਹਿਲਾਂ ਭਾਰਤ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਕੈਲੰਡਰ ਰਿਲੀਜ਼ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਨਾਅਰੇ ਵੀ ਮਾਰੇ। ਕਈਆਂ ਨੇ ਇਸ ਮੌਕੇ ਚੰਨ ਦੀਆਂ ਰਚਨਾਵਾਂ ਦੀ ਪੇਸ਼ ਕੀਤੀਆਂ। ਇਸ ਮੌਕੇ ਉੱਘੇ ਪੰਜਾਬੀ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ ਨੇ ਵੀ ਸੰਬੋਧਨ ਕੀਤਾ ਜੋ ਕਿ ਰਿਸ਼ਤੇ ਵਿਚ ਤੇਰਾ ਸਿੰਘ ਚੰਨ ਦੇ ਜਵਾਈ ਹਨ।
‘ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ’ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿਚ ਹਿੱਸਾ ਲਿਆ। ਚੰਨ ਐਸੋਸੀਏਸ਼ਨ ਦੇ ਸਹਿ-ਸੰਸਥਾਪਕ ਸਨ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਤੇ ਵਿਨੋਦ ਕੁਮਾਰ ਨੇ ਯੂਪੀ ਤੇ ਬਿਹਾਰ ਤੋਂ, ਬਲਕਾਰ ਸਿੰਘ ਸਿੱਧੂ ਨੇ ਚੰਡੀਗੜ੍ਹ ਤੋਂ, ਕਮਲਜੀਤ ਢਿੱਲੋਂ , ਰਾਜਵੰਤ ਮਾਨ ਤੇ ਨੋਨੀ ਕੌਰ ਨੇ ਕੈਨੇਡਾ ਤੋਂ ਆਨਲਾਈਨ ਸਮਾਗਮ ਵਿਚ ਸ਼ਿਰਕਤ ਕੀਤੀ।