ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਪੰਜਾਬ ’ਚ ਲੋਕ ਜਲਦ ਹੀ ਰੇਤਾ ਤੇ ਬਜਰੀ ਦੀ ਖ਼ਰੀਦ ਆਨਲਾਈਨ ਕਰ ਸਕਣਗੇ ਜਿਸ ਲਈ ਖਣਨ ਵਿਭਾਗ ਵੱਲੋਂ ਵੈੱਬ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਈਨਿੰਗ ’ਤੇ ਨਿਗਰਾਨੀ ਲਈ ਵੈੱਬ ਪੋਰਟਲ ਜਲਦੀ ਲਾਂਚ ਕੀਤਾ ਜਾਵੇਗਾ। ਇਸ ਪੋਰਟਲ ਰਾਹੀਂ ਖਪਤਕਾਰ ਆਪਣੀ ਪਸੰਦ ਦੀਆਂ ਮਾਈਨਿੰਗ ਸਾਈਟਾਂ ਤੋਂ ਆਨਲਾਈਨ ਰੇਤਾ ਤੇ ਬਜਰੀ ਖਰੀਦ ਸਕਣਗੇ। ਮੰਤਰੀ ਨੇ ਕਿਹਾ ਕਿ ਰੇਤ ਖਣਨ ਦੇ ਖੇਤਰ ਵਿੱਚ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਰੇਤ ਅਤੇ ਬਜਰੀ ਨੀਤੀ-2018 ਤਿਆਰ ਕੀਤੀ ਗਈ ਹੈ ਜਿਸ ਤਹਿਤ ਮਾਈਨਿੰਗ ਬਲਾਕਾਂ ਦੀ ਨਿਲਾਮੀ ਕਰਕੇ ਠੇਕਾ ਦਿੱਤਾ ਜਾਂਦਾ ਹੈ। ਸੂਬਾ ਸਰਕਾਰ ਨੂੰ ਸਾਲ 2019-20 ਅਤੇ 2020-21 (31 ਦਸੰਬਰ, 2020 ਤੱਕ) ਤੱਕ ਕ੍ਰਮਵਾਰ 110 ਕਰੋੜ ਰੁਪਏ ਅਤੇ 105 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਸਾਲ ਮਾਰਚ ਤੱਕ ਖਣਨ ਤੋਂ 80 ਕਰੋੜ ਰੁਪਏ ਹੋਰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਸਿੰਜਾਈ ਯੋਜਨਾਵਾਂ ਬਾਰੇ ਕਿਹਾ ਕਿ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਦਾ ਰੀਲਾਈਨਿੰਗ ਪ੍ਰਾਜੈਕਟ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਵੇਗਾ। ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਿਰੋਜ਼ਪੁਰ ਵਿਚ 80.51 ਕਰੋੜ ਰੁਪਏ ਦੀ ਲਾਗਤ ਨਾਲ ਸਰਹਿੰਦ ਫੀਡਰ ਦੇ 17 ਕਿਲੋਮੀਟਰ ਲੰਬੇ ਹਿੱਸੇ ਦੀ ਰੀਲਾਈਨਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ। ਇਸ ਪ੍ਰਾਜੈਕਟ ’ਤੇ ਕੁੱਲ ਲਾਗਤ 671.478 ਕਰੋੜ ਰੁਪਏ ਆਵੇਗੀ। ਸਰਕਾਰੀਆ ਨੇ ਕਿਹਾ ਕਿ ਰਾਜਸਥਾਨ ਫੀਡਰ ਦੀ 2021-22 ਅਤੇ 2022-23 ਵਿੱਚ ਪ੍ਰਸਤਾਵਿਤ ਲੰਬਾਈ 47 ਕਿਲੋਮੀਟਰ ਅਤੇ 49 ਕਿਲੋਮੀਟਰ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਡੇ ਦਰਿਆਵਾਂ ਦੀ ਸਫਾਈ ਲਈ ਠੇਕੇਦਾਰਾਂ ਨੂੰ ਕੰਮ ਅਲਾਟ ਕੀਤਾ ਜਾਵੇਗਾ।