ਨਵੀਂ ਦਿੱਲੀ, 24 ਜੁਲਾਈ
ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਨਵੇਂ ਅਨਲੌਕ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੋਮਵਾਰ ਤੋਂ ਕੌਮੀ ਰਾਜਧਾਨੀ ਵਿੱਚ ਮੈਟਰੋ ਤੇ ਬੱਸਾਂ ਦੀ ਸੇਵਾ 100 ਫ਼ੀਸਦ ਦੀ ਸਮਰਥਾ ਨਾਲ ਸ਼ੁਰੂ ਹੋ ਜਾਵੇਗੀ ਜਦਕਿ ਸਿਨੇਮਾ ਘਰ, ਮਲਟੀਪਲੈਕਸ 50 ਫ਼ੀਸਦ ਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਦਿੱਲੀ ਵਿੱਚ ਅਪਰੈਲ ਤੇ ਮਈ ਮਹੀਨੇ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਪਾਜ਼ੇਟਿਵ ਮਾਮਲੇ ਅਤੇ ਮੌਤਾਂ ਵੱਧ ਗਿਣਤੀ ਵਿੱਚ ਹੋਈਆਂ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਸੁਧਾਰ ਆਇਆ ਹੈ, ਜਿਸ ਤੋਂ ਬਾਅਦ ਸਰਕਾਰ ਪੜਾਅ ਦਰ ਪੜਾਅ ਸ਼ਹਿਰ ਨੂੰ ਦੁਬਾਰਾ ਖੋਲ੍ਹ ਰਹੀ ਹੈ। ਡੀਡੀਐੱਮਏ ਵੱਲੋਂ ਜਾਰੀ ਨਵੇਂ ਅਨਲੌਕ ਨਿਰਦੇਸ਼ਾਂ ਤਹਿਤ ਕੌਮੀ ਰਾਜਧਾਨੀ ਦੀ ਜੀਵਨ ਰੇਖਾ ਦਿੱਲੀ ਮੈਟਰੋ ਸੇਵਾ 100 ਫ਼ੀਸਦ ਸਮਰਥਾ ਨਾਲ ਮੁੜ ਚਾਲੂ ਹੋਵੇਗੀ। ਹਾਲਾਂਕਿ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿਸ਼ਾ-ਨਿਰਦੇਸ਼ ਮੁਤਾਬਕ ਸਿਨੇਮਾ ਹਾਲ, ਥੀਏਟਰ ਮਲਟੀਪਲੈਕਸ ਵੀ 26 ਜੁਲਾਈ ਤੋਂ 50 ਫ਼ੀਸਦ ਸੀਟਾਂ ਦੀ ਸਮਰਥਾ ਨਾਲ ਖੋਲ੍ਹੇ ਜਾਣਗੇ ਜਦਕਿ ਕਾਰੋਬਾਰੀ ਪ੍ਰਦਰਸ਼ਨੀ ਲਗਾਉਣ ਦੀ ਵੀ ਆਗਿਆ ਦਿੱਤੀ ਗਈ ਹੈ ਪਰ ਇਸ ਵਿੱਚ ਆਮ ਦਰਸ਼ਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਨਵੇਂ ਨਿਰਦੇਸ਼ਾਂ ਵਿੱਚ ਵਿਆਹ ਸਮਾਗਮਾਂ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਧਾ ਕੇ ਸੋਮਵਾਰ ਤੋਂ 100 ਕਰ ਦਿੱਤੀ ਗਈ ਹੈ। ਡੀਡੀਐੱਮਏ ਨੇ ਕਿਹਾ ਕਿ ਦਿੱਲੀ ਦੇ ਸਪਾ 26 ਜੁਲਾਈ ਤੋਂ ਖੋਲ੍ਹੇ ਜਾਣਗੇ, ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜਾਂ ਆਰਟੀ-ਪੀਸੀਆਰ ਜਾਂਚ ਕਰਵਾਉਣਾ ਲਾਜ਼ਮੀ ਹੋਵੇਗਾ। -ਪੀਟੀਆਈ
ਕਰੋਨਾ ਨਾਲ ਕੋਈ ਮੌਤ ਨਹੀਂ
ਦਿੱਲੀ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਤੇ 66 ਨਵੇਂ ਮਾਮਲੇ ਸਾਹਮਣੇ ਆਏ। ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 25,041 ਹੋ ਚੁੱਕੀ ਹੈ। ਕੌਮੀ ਰਾਜਧਾਨੀ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੋਈ ਮੌਤ ਇੱਕ ਦਿਨ ਵਿੱਚ ਨਹੀਂ ਹੋਈ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਕੋਈ ਵੀ ਮੌਤ ਦਰਜ ਨਹੀਂ ਸੀ ਕੀਤੀ ਗਈ। 2 ਮਾਰਚ ਨੂੰ 217 ਨਵੇ ਮਰੀਜ਼ ਮਿਲੇ ਸਨ ਪਰ ਕੋਈ ਮੌਤ ਨਹੀਂ ਸੀ ਹੋਈ।
ਸਬਜ਼ੀ ਮੰਡੀਆਂ ਵਿੱਚ ਕਰੋਨਾ ਨੇਮਾਂ ਦੀਆਂ ਧੱਜੀਆਂ ਉੱਡੀਆਂ
ਦਿੱਲੀ ਦੀਆਂ ਸਬਜ਼ੀ ਮੰਡੀਆਂ ਵਿੱਚ ਕਰੋਨਾ ਨੇਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਦੁਕਾਨਦਾਰਾਂ ਸਮੇਤ ਗਾਹਕਾਂ ਵੱਲੋਂ ਨਾ ਤਾਂ ਸਮਾਜਿਕ ਦੂਰੀਆਂ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ ਤੇ ਨਾ ਹੀ ਮਾਸਕ ਪਾ ਕੇ ਲੋਕ ਭੀੜ ਵਾਲੇ ਇਲਾਕਿਆਂ ਵਿੱਚ ਜਾ ਰਹੇ ਹਨ। ਗਾਜ਼ੀਪੁਰ, ਓਖਲਾ, ਆਜ਼ਾਦਪੁਰ ਦੀਆਂ ਥੋਕ ਤੇ ਖੁਦਰਾ ਮੰਡੀਆਂ ਵਿੱਚ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ, ਜੋ ਕਰੋਨਾ ਫੈਲਾਉਣ ਲਈ ਇੱਕ ਕਾਰਨ ਬਣ ਸਕਦੀ ਹੈ। ਸਬਜ਼ੀ ਵੇਚਣ ਵਾਲਿਆਂ ਵੱਲੋਂ ਸੈਨੀਟਾਈਜ਼ਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਦੁਕਾਨਾਂ ਉਪਰ ਭੀੜ ਵੀ ਕਾਬੂ ਨਹੀਂ ਕਰ ਪਾ ਰਹੇ। ਸਮਾਜਕ ਦੂਰੀਆਂ ਲਈ ਪਹਿਲਾਂ ਪ੍ਰਸ਼ਾਸਨ ਵੱਲੋਂ ਗੋਲ ਦਾਇਰੇ ਬਣਾਏ ਹੋਏ ਸਨ, ਜਿਨ੍ਹਾਂ ਵਿੱਚ ਗਾਹਕਾਂ ਦਾ ਖੜ੍ਹੇ ਹੋਣਾ ਲਾਜ਼ਮੀ ਸੀ ਪਰ ਹੁਣ ਇਸ ਨਿਯਮ ਦੀ ਵੀ ਅਣਦੇਖੀ ਹੋ ਰਹੀ ਹੈ।