ਪੱਤਰ ਪ੍ਰੇਰਕ
ਲਹਿਰਾਗਾਗਾ, 21 ਅਪਰੈਲ
ਇਥੇ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਲੇਹਲ ਖੁਰਦ ਐੱਮਐੱਡ, ਬੀਐੱਡ ਅਤੇ ਬੀਏਬੀ ਐਡ ਦੇ ਵਿਦਿਆਰਥੀ ਪ੍ਰਿੰਸੀਪਲ ਡਾ. ਸੀਮਾ ਗਰਗ ਅਤੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਨੌਵੀਂ ਪਾਤਸ਼ਾਹੀ ਸ੍ਰੀ ਗੁਰਦੁਆਰਾ ਸਾਹਿਬ ਲੇਹਲ ਕਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਲਜ ਦੇ ਚੇਅਰਮੈਨ ਰਾਜੇਸ਼ ਗਰਗ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਕਿਹਾ ਕਿ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਉਨ੍ਹਾਂ ਦੀ ਪੂਰੀ ਦੁਨੀਆਂ ਨੂੰ ਮਹਾਨ ਦੇਣ ਹੈ ਤੇ ਉਨ੍ਹਾਂ ਦੀ ਮਹਾਨ ਸ਼ਹਾਦਤ ਕਰਕੇ ਹੀ ਹਿੰਦੂ ਧਰਮ ਅੱਜ ਜ਼ਿੰਦਾ ਹੈ। ਉਧਰ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਵਿੱਚ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਅੱਜ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗਾਗਾ ਵਿਖੇ ਦਰਸ਼ਨਾਂ ਲਈ ਲਿਜਾਇਆ ਗਿਆ।
ਧੂਰੀ (ਖੇਤਰੀ ਪ੍ਰਤੀਨਿਧ): ਸਥਾਨਕ ਡੀਏਵੀ ਸਕੂਲ ਕੱਕੜਵਾਲ ਵਿੱਚ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ। ਸਕੂਲ ਦੇ ਐੱਮਡੀ ਬੀਕੇ ਸ਼ਰਮਾ, ਡਾਇਰੈਕਟਰ ਰਾਜਿੰਦਰਪਾਲ ਸਿੰਘ, ਸੰਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਤੇ ਗੁਰੂ ਸਾਹਿਬ ਦੇ ਜੀਵਨ ਉੱਪਰ ਚਾਨਣਾ ਪਾਇਆ।
ਰਾਜਪੁਰਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਸਾਹਿਬ ਦੇ 400ਵਾਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰੀ ਖੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ, ਗੁਰਦੁਆਰਾ ਕੇਂਦਰੀ ਸਿੰਘ ਸਭਾ ਟਾਊਨ, ਜਪੁ ਸਾਹਿਬ, ਗੁਰਦੁਆਰਾ ਗੁਲਾਬ ਨਗਰ, ਪਚਰੰਗਾ ਚੌਕ, ਗੁਰਦੁਆਰਾ ਸਾਹਿਬ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਪੁਰਾਣੀ ਕਚਹਿਰੀ ਸਮੇਤ ਸ਼ਹਿਰੀ ਖੇਤਰ ਦੇ ਹੋਰਾਂ ਗੁਰੂ ਘਰਾਂ ਵਿੱਚ ਕਥਾ ਕੀਰਤਨ ਦਰਬਾਰ ਸਜਾਏ ਗਏ। ਇਸੇ ਦੌਰਾਨ ਦਿਹਾਤੀ ਖੇਤਰ ਦੇ ਗੁਰਦੁਆਰਾ ਸਾਹਿਬ ਮਰਦਾਂਪੁਰ, ਹਰਪਾਲਪੁਰ, ਨਰੜੂ, ਲੋਹਸਿੰਬਲੀ ਅਤੇ ਪਿੱਪਲ ਮੰਗੌਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪੁਆਏ ਗਏ। ਇਸ ਦੌਰਾਨ ਭਾਈ ਪਰਮਜੀਤ ਸਿੰਘ ਤੇ ਬੀਬੀ ਰਜਨੀਤ ਕੌਰ ਦੇ ਜਥੇ ਨੇ ਕਥਾ ਕੀਰਤਨ ਦੌਰਾਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਚਾਨਣਾ ਪਾਇਆ।
ਡਕਾਲਾ (ਪੱਤਰ ਪ੍ਰੇਰਕ): ਗੁਰਦੁਆਰਾ ਪਾਤਸ਼ਾਹੀ ਨੌਵੀਂ ਤੇ ਛੇਵੀਂ ਕਰਹਾਲੀ ਸਾਹਿਬ ਵਿਖੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ।
ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ
ਅਮਰਗੜ੍ਹ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ ਪ੍ਰਿੰਸੀਪਲ ਮੀਨੂੰ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਮੌਕੇ ਵਾਈਸ ਪ੍ਰਿੰਸੀਪਲ ਜਗਜੀਤ ਸਿੰਘ ਹਰੀ, ਕਮਲਜੀਤ ਸਿੰਘ, ਬਲਜੀਤ ਕੌਰ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਤੇਗ ਬਹਾਦਰ ਨੇ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬੰਗਾਲ, ਬਿਹਾਰ ਆਦਿ ਵਿਚ ਯਾਤਰਾਵਾਂ ਦੌਰਾਨ ਸਰਬੱਤ ਦੇ ਭਲੇ ਲਈ ਸ਼ਾਂਤੀ, ਸਦਭਾਵਨਾ ਤੇ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਦੇ ਜੀਵਨ, ਵਿਚਾਰਧਾਰਾ, ਸਿੱਖਿਆਵਾਂ ਅਤੇ ਬਾਣੀ ਸਬੰਧੀ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੀਏ ਭਾਗ ਤੀਜਾ ਦੇ ਗੁਰਕਰਨ ਸਿੰਘ ਨੇ ਪਹਿਲਾ, ਬੀਕਾਮ ਭਾਗ ਪਹਿਲਾ ਦੇ ਲਵਪ੍ਰੀਤ ਸਿੰਘ ਨੇ ਦੂਜਾ ਤੇ ਰਣਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ