ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਪਰੈਲ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਤਾਇਨਾਤ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪਹਿਲਾਂ ਰਾਜਿੰਦਰਾ ਹਸਪਤਾਲ ਵਿੱਚ ਮਾਰਚ ਕੀਤਾ, ਜਿਸ ਮਗਰੋਂ ਹਸਪਤਾਲ ਦੇ ਸਾਹਮਣਿਓਂ ਲੰਘਦੀ ਸੰਗਰੂਰ ਰੋਡ ’ਤੇ ਧਰਨਾ ਮਾਰ ਦਿੱਤਾ।
ਇਹ ਧਰਨਾ ਸਵੇਰੇ ਸਾਢੇ ਦਸ ਵਜੇ ਤੋਂ ਲੈ ਕੇ ਸ਼ਾਮੀਂ ਕਰੀਬ ਛੇ ਵਜੇ ਤੱਕ ਜਾਰੀ ਰਿਹਾ ਸ਼ੁਰੂ ਵਿੱਚ ਭਾਵੇਂ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਸ ਸੜਕ ਦੇ ਦੋਵੇਂ ਪਾਸੇ ਹੀ ਜਾਮ ਕਰ ਦਿੱਤੇ ਸਨ ਪਰ ਫਿਰ ਅਧਿਕਾਰੀਆਂ ਦੇ ਕਹਿਣ ’ਤੇ ਇੱਕ ਪਾਸੇ ਦੀ ਆਵਾਜਾਈ ਲਈ ਖੋਲ੍ਹ ਦਿੱਤੀ ਗਈ, ਇਸ ਧਰਨੇ ਦੀ ਅਗਵਾਈ ਰਮਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਸੀ। ਇਸ ਮਗਰੋਂ ਮੁਲਾਜ਼ਮਾਂ ਦੇ ਇਕ ਵਫ਼ਦ ਦੀ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਾਲ ਮੀਟਿੰਗ ਕਰਵਾਈ, ਜਿਸ ਦੌਰਾਨ ਉਨ੍ਹਾਂ ਨੇ 22 ਅਪਰੈਲ ਲਈ ਸਿਹਤ ਮੰਤਰੀ ਦੇ ਨਾਲ ਮੀਟਿੰਗ ਮੁਕੱਰਰ ਕਰਵਾਈ। ਇਸ ਤੋਂ ਬਾਅਦ ਹੀ ਇਨ੍ਹਾਂ ਸਿਹਤ ਮੁਲਾਜ਼ਮਾਂ ਨੇ ਧਰਨਾ ਸਮਾਪਤ ਕੀਤਾ।