ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਹਨ। ਇਸ ਨਾਲ ਕੌਮੀ ਰਾਜਧਾਨੀ ’ਚ ਪੈਟਰੋਲ ਰਿਕਾਰਡ 84.20 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ 74.38 ਰੁਪਏ ਹੋ ਗਈ ਹੈ। ਕੰਪਨੀਆਂ ਨੇ ਵੀਰਵਾਰ ਨੂੰ ਪੈਟਰੋਲ ਦੀ ਕੀਮਤ ’ਚ 23 ਪੈਸੇ ਅਤੇ ਡੀਜ਼ਲ ’ਚ 26 ਪੈਸੇ ਪ੍ਰਤੀ ਲਿਟਰ ਦਾ ਇਜ਼ਾਫਾ ਕੀਤਾ। ਬੁੱਧਵਾਰ ਨੂੰ ਪੈਟਰੋਲ ਦਾ 26 ਪੈਸੇ ਅਤੇ ਡੀਜ਼ਲ ਦਾ ਮੁੱਲ 25 ਪੈਸੇ ਵਧਾਇਆ ਗਿਆ ਸੀ। ਮੁੰਬਈ ’ਚ ਪੈਟਰੋਲ ਦਾ ਭਾਅ 90.83 ਰੁਪਏ ਅਤੇ ਡੀਜ਼ਲ 81.07 ਰੁਪਏ ’ਤੇ ਪਹੁੰਚ ਗਿਆ ਹੈ। ਮੁੰਬਈ ’ਚ ਡੀਜ਼ਲ ਦੀ ਕੀਮਤ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਦਿੱਲੀ ’ਚ ਇਸ ਤੋਂ ਪਹਿਲਾਂ 4 ਅਕਤੂਬਰ, 2018 ਨੂੰ ਪੈਟਰੋਲ ਦੀ ਕੀਮਤ 84 ਰੁਪਏ ਲਿਟਰ ਹੋਈ ਸੀ।
-ਪੀਟੀਆਈ
ਆਮ ਆਦਮੀ ਦੀ ਕੀਮਤ ’ਤੇ ਸਰਕਾਰ ਖ਼ਜ਼ਾਨਾ ਭਰਨ ’ਤੇ ਤੁਲੀ: ਸੋਨੀਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਯੂਪੀਏ ਸਰਕਾਰ ਵੇਲੇ ਪੈਟਰੋਲ ਅਤੇ ਡੀਜ਼ਲ ਦੇ ਰਹੇ ਭਾਅ ’ਤੇ ਦੋਵੇਂ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਲਿਆਵੇ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਲੋਕਾਂ ਨੂੰ ਰਾਹਤ ਦੇਵੇ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ’ਚ ਮੁਲਕ ਦੁਰਾਹੇ ’ਤੇ ਹੈ ਕਿਉਂਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ 44 ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ ਪਰ ਬੇਲਗਾਮ ਅਤੇ ਗ਼ੈਰਸੰਜੀਦਾ ਸਰਕਾਰ ਕਿਸਾਨਾਂ ਅਤੇ ਮੱਧ ਵਰਗ ਦੀ ਰੀੜ੍ਹ ਦੀ ਹੱਡੀ ਤੋੜਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਡੀ ’ਚ ਕੱਚੇ ਤੇਲ ਦੀ ਕੀਮਤ ਅਜੇ ਵੀ ਬਹੁਤ ਘੱਟ ਹੈ ਅਤੇ ਉਸ ਨੂੰ ਇਸ ਦਾ ਲਾਭ ਲੋਕਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਛੇ ਸਾਲਾਂ ’ਚ ਲੋਕਾਂ ਤੋਂ ਐਕਸਾਈਜ਼ ਡਿਊਟੀ ਦੇ ਰੂਪ ’ਚ 19 ਲੱਖ ਕਰੋੜ ਰੁਪਏ ਇਕੱਤਰ ਕੀਤੇ ਹਨ। ਉਨ੍ਹਾਂ ਕਿਹਾ ਕਿ ਐੱਲਪੀਜੀ ਦੀ ਵਧਦੀ ਕੀਮਤ ਨੇ ਵੀ ਘਰੇਲੂ ਬਜਟ ਨੂੰ ਢਾਹ ਲਾਈ ਹੈ।
-ਆਈਏਐਨਐਸ