ਪੱਤਰ ਪ੍ਰੇਰਕ
ਰਾਜਪੁਰਾ , 6 ਨਵੰਬਰ
ਝੋਨੇ ਦੀ ਫਸਲ ਦੇ ਚੱਲ ਰਹੇ ਸੀਜ਼ਨ ਦੌਰਾਨ ਘਨੌਰ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਆਮਦ ਵੱਧ ਅਤੇ ਰਾਜਪੁਰਾ ਦੀ ਮੰਡੀਆਂ ਵਿੱਚ ਘੱਟ ਹੋਈ ਹੈ। ਲੰਘੇ ਸਾਲ ਘਨੌਰ ਦੀਆਂ ਮੰਡੀਆਂ ਵਿੱਚ 5 ਨਵੰਬਰ ਤੱਕ ਆਮਦ ਹੋਈ ਸੱਤ ਲੱਖ 35 ਹਜ਼ਾਰ ਕੁਇੰਟਲ ਝੋਨੇ ਦੇ ਮੁਕਾਬਲੇ ਇਸ ਸਾਲ 7 ਲੱਖ 67 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਇਸੇ ਦੌਰਾਨ ਰਾਜਪੁਰਾ ਦੀਆਂ ਮੰਡੀਆਂ ਵਿੱਚ ਇਸੇ ਦਿਨ ਤੱਕ ਲੰਘੇ ਸਾਲ ਆਮਦ ਹੋਈ 17 ਲੱਖ 26 ਹਜਾਰ ਕੁਇੰਟਲ ਦੇ ਮੁਕਾਬਲੇ ਇਸ ਵਾਰ 14 ਲੱਖ 92 ਹਜਾਰ ਕੁਇੰਟਲ ਝੋਨੇ ਦੀ ਆਮਦ ਹੋਈ ਹੈ ਅਤੇ ਅਜੇ ਆਮਦ ਜਾਰੀ ਹੈ। ਮਾਰਕੀਟ ਕਮੇਟੀ ਰਾਜਪੁਰਾ ਅਤੇ ਘਨੌਰ ਦੇ ਸਕੱਤਰ ਜੈ ਵਿਜੈ ਨੇ ਦੱਸਿਆ ਕਿ ਖਰੀਦੀ ਗਈ ਝੋਨੇ ਦੀ ਫਸਲ ਵਿੱਚੋਂ 90 ਫ਼ੀਸਦੀ ਦੀ ਚੁਕਾਈ ਹੋ ਚੁੱਕੀ ਹੈ। ਇਸੇ ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ ਪੱਤਰ ਜਾਰੀ ਕਰਕੇ ਪੰਜਾਬ ਦੀਆਂ ਹੋਰਨਾਂ ਅਨਾਜ ਮੰਡੀਆਂ ਵਿੱਚ ਸ਼ੁਮਾਰ ਰਾਜਪੁਰਾ ਅਤੇ ਘਨੌਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ 10 ਨਵੰਬਰ ਤੋਂ ਬੰਦ ਕੀਤੇ ਜਾਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ ਅਤੇ ਜੁਆਇੰਟ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਝੋਨੇ ਸਰਕਾਰੀ ਖਰੀਦ 30 ਨਵੰਬਰ ਤੱਕ ਜਾਰੀ ਰੱਖੀ ਜਾਵੇ।