ਮੁਕੰਦ ਸਿੰਘ ਚੀਮਾ
ਸੰਦੌੜ, 8 ਜਨਵਰੀ
ਨੇੜਲੇ ਪਿੰਡ ਕੁਠਾਲਾ ਦੇ ਇੱਕ ਗੁਰਦੁਆਰਾ ਸਾਹਿਬ ’ਚ ਅਖੰਠ ਪਾਠ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਲੈ ਕੇ ਕਈ ਗੁਣਾਂ ਵਾਪਸ ਮੋੜਨ ਦਾ ਧੰਦਾ ਕਰਨ ਵਾਲਾ ਬਾਬਾ ਗੁਰਮੇਲ ਸਿੰਘ ਲੋਕਾਂ ਤੋਂ ਮੋਟੀ ਰਾਸ਼ੀ ਰੁਪਏ ਬਟੋਰ ਕੇ ਫ਼ਰਾਰ ਹੋ ਗਿਆ ਹੈ। ਬਾਬੇ ਵੱਲੋਂ ਚਲਾਇਆ ਗਿਆ ਗੋਰਖਧੰਦਾ ਭਾਵੇਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਸੀ ਪਰ ਬਾਬਾ ਲਗਾਤਾਰ ਲੋਕਾਂ ਨੂੰ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਕਰਦਾ ਰਿਹਾ। ਉਸ ਵੱਲੋਂ 7 ਜਨਵਰੀ ਨੂੰ ਲੋਕਾਂ ਨੂੰ ਪੈਸੇ ਵਾਪਸ ਕਰਨ ਦੇ ਕੀਤੇ ਵਾਅਦੇ ਤੋਂ ਬਾਅਦ ਅੱਜ ਇਹ ਮਾਮਲਾ ਉਸ ਸਮੇਂ ਮੁੜ ਭੱਖ ਗਿਆ ਜਦੋਂ ਉਹ ਬਾਬਾ ਦਿੱਤੇ ਗਏ ਸਮੇਂ ਤੇ ਪਿੰਡ ਕੁਠਾਲਾ ’ਚ ਲੋਕਾਂ ਨੂੰ ਪੈਸੇ ਵਾਪਸ ਕਰਨ ਨਹੀਂ ਆਇਆ।
ਕਥਿਤ ਬਾਬਾ ਗੁਰਮੇਲ ਸਿੰਘ ਤੋਂ ਪੈਸੇ ਵਾਪਸ ਲੈਣ ਲਈ ਪਹੁੰਚੇ ਹੋਏ ਸੈਂਕੜੇ ਲੋਕ ਉਸ ਦੀ ਘੰਟਿਆਂਵੱਧੀ ਉਡੀਕ ਕਰਦੇ ਰਹੇ ਪਰ ਜਦੋਂ ਬਾਬਾ ਗੁਰਮੇਲ ਸਿੰਘ ਗੁਰਦੁਆਰਾ ਸਾਹਿਬ ਨਾ ਆਇਆ ਤਾਂ ਹਾਜ਼ਰ ਲੋਕਾਂ ਨੇ ਬਾਬੇ ਖਿਲਾਫ਼ ਜੰਮ ਕੇ ਭੜਾਸ ਕੱਢੀ।ਇਸ ਮੌਕੇ ਬੀਬੀ ਅੰਮ੍ਰਿਤਪਾਲ ਕੌਰ, ਮਹਿੰਦਰ ਕੌਰ, ਜੱਸਾ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਕਈ ਗੁਣਾਂ ਪੈਸੇ ਕਰਨ ਦੇ ਨਾਮ ’ਤੇ ਬਾਬੇ ਵੱਲੋਂ ਚਲਾਈ ਗਈ ਇਸ ਸਕੀਮ ਵਿਚ ਪੈਸੇ ਭਰੇ ਸਨ।ਗੁਰਮੇਲ ਸਿੰਘ ਸੁਰੂ ਵਿਚ ਤਾਂ ਲੋਕਾਂ ਨੂੰ ਪੈਸੇ ਵਾਪਸ ਵੀ ਕਰ ਰਿਹਾ ਸੀ ਪਰ ਕੁੱਝ ਸਮੇਂ ਬਾਅਦ ਉਸਨੇ ਪੈਸੇ ਵਾਪਸ ਕਰਨੇ ਬੰਦ ਕਰ ਦਿੱਤੇ।ਲੋਕਾਂ ਨੇ ਜਿਵੇਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਬਾਬਾ ਗੁਰਮੇਲ ਸਿੰਘ ਨੇ ਜਨਵਰੀ ਵਿਚ ਗੁਰਦੁਆਰਾ ਸਾਹਿਬ ਕੁਠਾਲਾ ’ਚ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਬਾਬਾ ਗੁਰਮੇਲ ਸਿੰਘ ਆਪਣੇ ਕੀਤੇ ਗਏ ਵਾਅਦੇ ਦੇ ਉਲਟ ਰੂਪੋਸ਼ ਹੋ ਗਿਆ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ।ਹਾਲਾਂਕਿ ਬਾਬਾ ਗੁਰਮੇਲ ਸਿੰਘ ਦੀ ਪਤਨੀ ਅਤੇ ਬੱਚਿਆਂ ਨੂੰ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਨਜ਼ਰਬੰਦ ਕਰ ਦਿੱਤਾ। ਵੱਡੀ ਗਿਣਤੀ ਵਿੱਚ ਔਰਤਾਂ ਦੀ ਬਾਬਾ ਗੁਰਮੇਲ ਸਿੰਘ ਦੀ ਪਤਨੀ ਨਾਲ ਤਿੱਖੀ ਬਹਿਸ ਵੀ ਹੋਈ।
ਅਸਲ ਵਿਚ ਪਿਛਲੇ ਸਾਲ ਬਾਬਾ ਗੁਰਮੇਲ ਸਿੰਘ ਨੇ ਅਖੰਠ ਪਾਠ ਸਾਹਿਬ ਦੇ ਨਾਮ ਤੇ ਤਿੰਨ ਸਕੀਮਾਂ ਚਲਾਈਆਂ ਸਨ ਜਿਸ ਵਿਚ ਉਹ ਪ੍ਰਤੀ ਵਿਅਕਤੀ ਤੋਂ 3 ਹਜ਼ਾਰ ਰੁਪਏ ਭਰਵਾ ਕੇ ਇਕ ਮਹੀਨੇ ਵਿਚ 27 ਹਜਾਰ, ਦੂਜੀ ਸਕੀਮ ਤਹਿਤ 30 ਹਜ਼ਾਰ ਰੁਪਏ ਭਰਾ ਕੇ ਇਕ ਮਹੀਨੇ ਵਿਚ 2.70 ਲੱਖ ਅਤੇ ਤੀਜੀ ਸਕੀਮ ਵਿਚ 3 ਲੱਖ ਰੁਪਏ ਜਮ੍ਹਾਂ ਕਰਵਾ ਕੇ 15 ਲੱਖ ਰੁਪਏ ਦੇਣ ਦਾ ਦਾਅਵਾ ਕਰਦਾ ਸੀ।ਸ਼ੁਰੂ ਵਿਚ ਜਦੋਂ ਬਾਬੇ ਕੋਲ ਲੋਕਾਂ ਨੇ ਤਿੰਨ ਹਜ਼ਾਰ ਰੁਪਏ ਵਾਲੀ ਸਕੀਮ ਸ਼ੁਰੂ ਕਰਵਾਈ ਤਾਂ ਉਸਨੇ ਲੋਕਾਂ ਨੂੰ ਕਈ ਗੁਣਾਂ ਪੈਸੇ ਕਰਕੇ ਵਾਪਸ ਕਰਨੇ ਸੁਰੂ ਕਰ ਦਿੱਤੇ।ਜਿਸ ਲਾਲਚ ਵੱਸ ਆਕੇ ਬਾਬੇ ਕੋਲ ਇਨ੍ਹਾਂ ਸਕੀਮਾਂ ਵਿਚ ਪੈਸੇ ਜਮ੍ਹਾਂ ਕਰਵਾਉਣ ਵਾਲਿਆਂ ਦਾ ਹੜ੍ਹ ਆ ਗਿਆ ਸੀ।
ਬਾਬੇ ਦੀ ਪਤਨੀ ਨੇ ਕਮੇਟੀ ’ਤੇ ਲਗਾਏ ਦੋਸ਼
ਉਧਰ ਬਾਬਾ ਗੁਰਮੇਲ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਕਿਹਾ ਕਿ 1 ਜਨਵਰੀ ਤੋਂ ਉਸ ਦੀ ਆਪਣੇ ਪਤੀ ਨਾਲ ਕੋਈ ਗੱਲ ਨਹੀਂ ਹੋਈ ਹੈ ਅਤੇ ਨਾ ਹੀ ਬਾਬੇ ਦੇ ਟਿਕਾਣੇ ਬਾਰੇ ਉਸ ਨੂੰ ਕੁੱਝ ਵੀ ਪਤਾ ਹੈ।ਉਸਨੇ ਮੰਨਿਆ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਹੀ ਪੈਸਿਆਂ ਬਾਰੇ ਲੋਕਾਂ ਨੂੰ ਦੱਸ ਸਕਦੇ ਹਨ। ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਗੁਰਮੇਲ ਸਿੰਘ ਦੇ ਖਿਲਾਫ਼ ਲਈ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ।ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।