ਦਿਲਬਾਗ ਸਿੰਘ ਗਿੱਲ
ਅਟਾਰੀ, 9 ਜਨਵਰੀ
ਭਾਰਤ-ਪਾਕਿਸਤਾਨ ਸਰਹੱਦ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਬੀਐੱਸਐੱਫ ਦੀ 88ਵੀਂ ਬਟਾਲੀਅਨ ਵੱਲੋਂ ਪੁਲ ਮੋਰਾਂ ਨੇੜਿਓਂ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਰਾਜਾ ਅਵਾਨ (19) ਪੁੱਤਰ ਮੁਹੰਮਦ ਸ਼ਬੀਰ ਵਾਸੀ ਹਿੰਮਤ, ਸ਼ੌਕਤ (18) ਪੁੱਤਰ ਜੈਸੀਨ ਵਾਸੀ ਹਿੰਮਤ, ਮੁਹੰਮਦ ਆਰਿਫ਼ (22) ਪੁੱਤਰ ਸ਼ਹਿਜ਼ਾਦ ਖਾਨ ਵਾਸੀ ਕੋਕਰ, ਮੁਹੰਮਦ ਆਸਿਫ (25) ਪੁੱਤਰ ਮੁਹੰਮਦ ਅਸ਼ੀਕ ਵਾਸੀ ਕੋਕਰ, ਮੁਹੰਮਦ ਅਸਰਲ (14) ਪੁੱਤਰ ਮੁਹੰਮਦ ਬਿਲਾਾਲ ਵਾਸੀ ਕੋਕਰ, ਉਮਰ ਫਾਰੂਕ (21) ਪੁੱਤਰ ਮੁਹੰਮਦ ਯੂਸਫ਼ ਵਾਸੀ ਕੋਕਰ ਜ਼ਿਲ੍ਹਾ ਡੇਰਾ ਇਸਮਾਈਲ ਖਾਨ, ਖੈ਼ਬਰ ਪਖਤੂਨਵਾ ਵਜੋਂ ਹੋਈ ਹੈ।ਇਨ੍ਹਾਂ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਠੇਕੇਦਾਰ ਨਬੀ ਕੋਲ, ਜੋ ਡੇਰਾ ਇਸਮਾਈਲ ਖਾਨ ਦਾ ਰਹਿਣ ਵਾਲਾ ਹੈ, ਜਿਸ ਦਾ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਵਾੜਾ ਮੰਗਲੀ ਦੇ ਪ੍ਰਾਇਮਰੀ ਸਕੂਲ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਹੈ, ਕੋਲ ਕੰਮ ਕਰ ਰਹੇ ਸਨ। ਉਨ੍ਹ੍ਵਾਂ ਮੰਨਿਆ ਕਿ ਉਹ ਬਾਰਡਰ ਵੇਖਣ ਆਏ ਸਨ ਤੇ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਏ ਸਨ।