ਮੁੰਬਈ, 25 ਅਗਸਤ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਉਨ੍ਹਾਂ ਬੈਂਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੀਆਂ ਰਾਜ ਸਰਕਾਰਾਂ ਨਾਲ ਮਿਲ ਕੇ ‘ਇਕ ਜ਼ਿਲ੍ਹਾ ਇਕ ਪ੍ਰੋਡਕਟ’ ਏਜੰਡੇ ਲਈ ਕੰਮ ਕਰਨ। ਬੈਂਕਾਂ ਨੂੰ ਵਸਤਾਂ ਬਰਾਮਦ ਕਰਨ ਵਾਲੀਆਂ ਏਜੰਸੀਆਂ, ਚੈਂਬਰ ਆਫ ਕਾਮਰਸ ਤੇ ਉਦਯੋਗ ਜਗਤ ਨਾਲ ਰਾਬਤਾ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਬਰਾਮਦ ਕਰਨ ਵਾਲਿਆਂ ਦੀਆਂ ਲੋੜਾਂ ਨੂੰ ਸਮੇਂ-ਸਮੇਂ ਸਮਝਿਆ ਜਾ ਸਕੇ। ਵਿੱਤ ਮੰਤਰੀ ਮੁੰਬਈ ਦੇ ਦੌਰੇ ਉਤੇ ਹਨ। ਸੀਤਾਰਾਮਨ ਨੇ ਅੱਜ ਸਰਕਾਰੀ ਬੈਂਕਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਬੈਂਕਾਂ ਦੀ ਵਿੱਤੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕਾਂ ਦਰਮਿਆਨ ਇਕ ਤਰ੍ਹਾਂ ਦੀ ਸਾਧਾਰਨ ਪਹੁੰਚ ਹੋਣੀ ਚਾਹੀਦੀ ਹੈ ਤਾਂ ਕਿ ਬਰਾਮਦਕਾਰਾਂ ਨੂੰ ਚੰਗੀ ਪੇਸ਼ਕਸ਼ ਲਈ ਇਕ ਬੈਂਕ ਤੋਂ ਦੂਜੀ ਵੱਲ ਦੌੜ ਨਾ ਲਾਉਣੀ ਪਵੇ। -ਪੀਟੀਆਈ