ਜਕਾਰਤਾ, 10 ਜਨਵਰੀ
ਇੰਡੋਨੇਸ਼ੀਆ ਵਿੱਚ ਬੀਤੇ ਦਿਨੀਂ ਲਾਪਤਾ ਹੋਏ ਜਹਾਜ਼ ਦਾ ਅੱਜ ਮਲਬਾ ਮਿਲ ਗਿਆ ਹੈ ਅਤੇ ਕੁੱਝ ਮਨੁੱਖੀ ਸਰੀਰ ਦੇ ਅੰਗ ਵੀ ਪ੍ਰਾਪਤ ਹੋਏ ਹਨ। ਸ੍ਰੀਵਿਜੈ ਏਅਰਲਾਈਨ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਮਗਰੋਂ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਸ਼ਨਿਚਰਵਾਰ ਨੂੰ ਹਾਦਸਾਗ੍ਰਸਤ ਹੋਏ ਬੋਇੰਗ 737-500 ਜਹਾਜ਼ ਵਿੱਚ ਅਮਲੇ ਸਣੇ 62 ਲੋਕ ਸਵਾਰ ਸਨ।
ਸਾਲ 2018 ਮਗਰੋਂ ਇਹ ਇੰਡੋਨੇਸ਼ੀਆ ਵਿੱਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ। ਉਸ ਸਮੇਂ 189 ਯਾਤਰੀਆਂ ਨੂੰ ਲਿਜਾ ਰਿਹਾ ਲਾਇਨ ਏਅਰ ਬੋਇੰਗ 737 ਮੈਕਸ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਹੋਰ ਦੇਸ਼ਾਂ ਵਿੱਚ ਹੋਏ ਹਵਾਈ ਹਾਦਸਿਆਂ ਦੇ ਮੁਕਾਬਲੇ ਸਭ ਤੋਂ ਵੱਧ ਮੌਤਾਂ ਹੋਈਆਂ ਸਨ।
ਇੰਡੋਨੇਸ਼ਿਆਈ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਬੇਗਸ ਪੁਰੂਹਿਤੋ ਨੇ ਫ਼ੌਜ ਦੇ ਸਮੁੰਦਰੀ ਜਹਾਜ਼ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਦੋ ਥਾਵਾਂ ਤੋਂ ਸਿਗਨਲ ਮਿਲੇ ਹਨ। ਇਹ ਬਲੈਕ ਬਾਕਸ ਦੇ ਹੋ ਸਕਦੇ ਹਨ।’’ ਬਚਾਅ ਟੀਮ ਨੂੰ ਜਾਵਾ ਸਮੁੰਦਰ ’ਚੋਂ ਮਨੁੱਖੀ ਸਰੀਰ ਦੇ ਅੰਗ, ਫਟੇ ਹੋਏ ਕੱਪੜੇ ਅਤੇ ਮਲਬੇ ਦੇ ਟੁਕੜੇ ਮਿਲੇ ਹਨ, ਜਿਨ੍ਹਾਂ ਨੂੰ ਜਕਾਰਤਾ ਬੰਦਰਗਾਹ ’ਤੇ ਲਿਆਂਦਾ ਜਾ ਰਿਹਾ ਹੈ। ਧਾਤੂ ਦੇ ਇੱਕ ਮੁੜੇ ਹੋਏ ਟੁਕੜੇ ’ਤੇ ਨੀਲੇ ਅਤੇ ਲਾਲ ਰੰਗ ਨਾਲ ਸ੍ਰੀਵਿਜੈ ਪੇਂਟ ਕੀਤਾ ਹੋਇਆ ਹੈ। ਪੁਲੀਸ ਨੇ ਲਾਸ਼ਾਂ ਦੀ ਪਛਾਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਦੰਦਾਂ ਦੇ ਰਿਕਾਰਡ ਅਤੇ ਡੀਐੱਨਏ ਦੇ ਨਮੂਨੇ ਦੇਣ ਦੀ ਅਪੀਲ ਕੀਤੀ ਹੈ। ਇਸ ਜਹਾਜ਼ ਵਿੱਚ ਅਮਲੇ ਦੇ 12 ਮੈਂਬਰ ਅਤੇ 50 ਯਾਤਰੀ ਸਵਾਰ ਵਿੱਚ ਸਨ, ਜਿਨ੍ਹਾਂ ਵਿੱਚ ਦਸ ਬੱਚੇ ਸਨ। -ਰਾਇਟਰਜ਼
ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਜਹਾਜ਼ ਹਾਦਸੇ ’ਤੇ ਅੱਜ ਦੁੱਖ ਪ੍ਰਗਟਾਇਆ ਅਤੇ ਇਸ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੁੱਖ ਦੀ ਘੜੀ ਇਸ ਦੇਸ਼ ਨਾਲ ਖੜ੍ਹਾ ਹੈ। ਮੋਦੀ ਨੇ ਟਵੀਟ ਕੀਤਾ, ‘‘ਇੰਡੋਨੇਸ਼ੀਆ ਵਿੱਚ ਮੰਦਭਾਗੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ। ਦੁੱਖ ਦੀ ਇਸ ਘੜੀ ਭਾਰਤ, ਇੰਡੋਨੇਸ਼ੀਆ ਨਾਲ ਖੜ੍ਹਾ ਹੈ। -ਪੀਟੀਆਈ