ਪੱਤਰ ਪ੍ਰੇਰਕ
ਸ਼ੇਰਪੁਰ, 7 ਫਰਵਰੀ
ਹਲਕਾ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਸਿਮਰਤ ਖੰਗੂੜਾ ਨੇ ਇੱਕ ਬਜ਼ੁਰਗ ਵੱਲੋਂ ਸੋਸ਼ਲ ਮੀਡੀਆ ’ਤੇ ਉਸ ਵਿਰੁੱਧ ਕੀਤੀਆਂ ਟਿੱਪਣੀਆਂ ਨੂੰ ਔਰਤਾਂ ਪ੍ਰਤੀ ਬਿਮਾਰ ਮਾਨਸਿਕਤਾ ਕਰਾਰ ਦਿੱਤਾ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਉਤਸ਼ਾਹਿਤ ਕਰਨ ਨੂੰ ਸਮਾਜ ਲਈ ਮੰਦਭਾਗਾ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇੱਕ ਬਜ਼ੁਰਗ ਨੇ ਆਮ ਆਦਮੀ ਪਾਰਟੀ ਦਾ ਕੱਟੜ ਸਮਰਥਕ ਹੁੰਦੇ ਹੋਏ ਲੰਘੀਆਂ ਲੋਕ ਸਭਾ ਚੋਣਾਂ ਮੌਕੇ ਵਿਧਾਇਕ ਦੀ ਪਤਨੀ ਦੀ ਗੱਡੀ ਪਿੱਛੇ ਸਪੀਕਰ ਵਾਲਾ ਵਾਹਨ ਲਗਾ ਕੇ ਇੱਕ ਵਿਸ਼ੇਸ਼ ਗਾਣਾ ਲਗਾਏ ਜਾਣ ਸਮੇਤ ਵਿਅੰਗਮਈ ਕੀਤੀਆਂ ਟਿੱਪਣੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਵੱਡੀ ਪੱਧਰ ’ਤੇ ਵਾਇਰਲ ਹੋ ਰਹੀਆਂ ਹਨ। ਬੀਬੀ ਸਿਮਰਤ ਖੰਗੂੜਾ ਨੇ ਕਿਹਾ ਕਿ ਬਜ਼ੁਰਗ ਨੇ ਜੋ ਟਿੱਪਣੀਆਂ ਕੀਤੀਆਂ ਉਸ ਨਾਲੋਂ ਵੱਧ ਦੁੱਖ ਉਦੋਂ ਹੋਇਆ ਜਦੋਂ ‘ਆਪ’ ਉਮੀਦਵਾਰ ਨੇ ਇੱਕ ਚੋਣ ਰੈਲੀ ਦੌਰਾਨ ਉਸ ਬਜ਼ੁਰਗ ਨੂੰ ਜਨਤਕ ਤੌਰ ’ਤੇ ਹੱਲਾਸ਼ੇਰੀ ਦਿੱਤੀ ਹੈ। ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਵੀ ਆਪਣੇ ਸਿਆਸੀ ਵਿਰੋਧੀਆਂ ਨੂੰ ਅਜਿਹੀ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਤੋਂ ਸਖ਼ਤ ਲਹਿਜੇ ਵਿੱਚ ਵਰਜਿਆ ਹੈ।