ਰਵੇਲ ਸਿੰਘ ਭਿੰਡਰ
ਪਟਿਆਲਾ, 11 ਜਨਵਰੀ
ਰੁਜ਼ਗਾਰ ਲਈ ਇਥੋਂ ਦੇ ਸਰਕਾਰੀ ਮਹਿੰਦਰਾ ਕਾਲਜ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਟੈਂਕੀ ’ਤੇ ਚੜ੍ਹੇ ਦੋਹਾਂ ਸੰਘਰਸ਼ੀ ਕਾਰਕੁਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਮਨੋਜ ਫਿਰੋਜ਼ਪੁਰ ਤੇ ਗੁਰਭੇਜ ਫਾਜ਼ਿਲਕਾ ਪਿਛਲੇ ਇੱਕ ਹਫ਼ਤੇ ਤੋੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਵਿਖਾਵਾ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਇਸ ਸਬੰਧੀ ਜਥੇਬੰਦੀ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਸੱਤ ਦਿਨਾਂ ਤੋਂ ਟੈਂਕੀ ’ਤੇ ਚੜ੍ਹੇ ਕਾਰਕੁਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ। ਕੜਾਕੇ ਦੀ ਠੰਢ ਵਿੱਚ ਭੁੱਖੇ ਅਤੇ ਪਿਆਸੇ ਹੋਣ ਕਰਕੇ ਉਹ ਕਾਫੀ ਤਕਲੀਫ ਵਿੱਚ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ’ਤੇ ਸੁਣਵਾਈ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਟੈਂਕੀ ਤੋਂ ਥੱਲੇ ਉਤਾਰਨ ਲਈ ਕਈ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਨਾਲ ਉਹ ਮਾਨਸਿਕ ਪ੍ਰੇਸ਼ਾਨੀ ’ਚ ਵੀ ਘਿਰ ਰਹੇ ਹਨ। ਉਂਜ ਦੋਵੇਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਮੰਗਾਂ ਦੇ ਹੱਕ ’ਚ ਫ਼ੈਸਲਾ ਹੋਣ ਤਕ ਆਪਣਾ ਸੰਘਰਸ਼ ਜਾਰੀ ਰੱਖਣਗੇ।