ਮਹਿੰਦਰ ਕੌਰ ਮੰਨੂ
ਸੰਗਰੂਰ,11 ਜਨਵਰੀ
ਬਿਰਧ ਆਸ਼ਰਮ ਬਡਰੁੱਖਾਂ ਵਿੱਚ ਧੀਆਂ ਦੀ ਲੋਹੜੀ ਨੂੰ ਸਮਰਪਿਤ ਕਵਿਤਰੀ ਦਰਬਾਰ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸੀ ਕਮੇਟੀ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਸ਼ਿਰਕਤ ਕੀਤੀ |
ਇਸ ਸਮੇਂ ਮੁੱਖ ਮਹਿਮਾਨ ਨੇ ਬੋਲਦਿਆਂ ਕਿਹਾ ਕਿ ਕਵਿਤਾ ਰਾਹੀਂ ਸਮਾਜ ਨੰ ਜਾਗਰੂਕ ਕਰਨਾ ਵੱਡੀ ਕਲਾ ਹੈ| ‘ਧੀ ਪੰਜਾਬਣ ਮੰਚ ਵਲੋਂ’ ਕਰਵਾਏ ਇਸ ਸਮਾਗਮ ਵਿਚ ਮੰਚ ਦੇ ਪ੍ਰਧਾਨ ਸ਼੍ਰੀਮਤੀ ਬਲਜੀਤ ਸ਼ਰਮਾ ਗੜ੍ਹਸ਼ੰਕਰ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਲਖਵਿੰਦਰ ਕੌਰ ਲੱਕੀ, ਰਮਨੀਤ ਕੌਰ ਚਾਨੀ, ਲਾਡੀ ਸਿੰਘ ਭੁੱਲਰ, ਨਿਸ਼ਾ ਕੌਰ, ਜਸਵੀਰ ਕੌਰ ਬਦਰਾ, ਹਰਬੰਸ ਕੌਰ ਆਦਮਪੁਰਾ, ਜਸਪ੍ਰੀਤ ਕੌਰ ਬਰਨਾਲਾ, ਰੰਜਨਪ੍ਰੀਤ ਕੌਰ ਰੰਜੂ, ਅਸ਼ਵਿਨ ਕੌਰ ਆਸ਼ੂ, ਅੰਜੁਲੀ ਨਿਆਨੀਆ, ਪਿ੍ਅੰਕਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਨੂੰ ਹਲੂਣਾ ਦੇਣ ਦਾ ਯਤਨ ਕੀਤਾ | ਬਿਰਧ ਆਸ਼ਰਮ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ ਅਤੇ ‘ਧੀ ਪੰਜਾਬਣ ਮੰਚ’ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਭੁਪਿੰਦਰ ਸਿੰਘ ਪੂਨੀਆ, ਮੋਹਨ ਸ਼ਰਮਾ, ਜਥੇਦਾਰ ਏ.ਪੀ. ਸਿੰਘ ਬਾਬਾ, ਪ੍ਰੋ. ਸੰਤੋਖ ਕੌਰ, ਡਾ. ਨਰਵਿੰਦਰ ਕੌਸਲ, ਉਰਵਿਜੇ ਬਰਾੜ, ਡਾ. ਏ.ਐਸ. ਮਾਨ, ਰਾਜ ਕੁਮਾਰ ਅਰੋੜਾ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ, ਬਹਾਦਰ ਸਿੰਘ ਡੀ.ਐੱਸ.ਪੀ ਅਤੇ ਹੋਰ ਸਖ਼ਸ਼ੀਅਤਾਂ ਨੇ ਪ੍ਰਬੰਧਕਾਂ ਦੀਸ਼ਲਾਘਾ ਕੀਤੀ| ਜਸਵਿੰਦਰ ਸਿੰਘ ਪਿ੍ੰਸ ਦੇ ਪਰਿਵਾਰ ਵਲੋਂ ਫ਼ਲ ਵੰਡੇ ਗਏ|
ਲਹਿਰਾਗਾਗਾ (ਰਾਮੇਸ਼ ਭਾਰਦਵਾਜ): ਇਲਾਕੇ ’ਚ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ 46 ਦਿਨਾਂ ਤੋਂ ਡਟੇ ਹੋਏ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਲੋਹੜੀ ਵਰਗਾ ਤਿਉਹਾਰ ਉਥੇ ਹੀ ਮਨਾਉਣ ਲਈ ਵਚਨਬੱਧ ਹਨ ਜਿਸ ਕਰਕੇ ਕਈ ਪਿੰਡਾਂ ’ਚ ਸੰਘਰਸ਼ਕਾਰੀਆਂ ਨੂੰ ਖੋਏ ਦੀਆਂ ਪਿੰਨੀਆਂ ਬਣਾਕੇ ਭੇਜੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਇੱਥੋਂ ਦੇ ਆਮ ਲੋਕਾਂ ’ਚ ਲੋਹੜੀ ਦੇ ਤਿਉਹਾਰ ਪ੍ਰਤੀ ਕੋਈ ਅਗੇਤੀ ਦਿਲਚਸਪੀ ਦਿਖਾਈ ਨਹੀਂ ਦਿੱਤੀ ਬੇਸ਼ੱਕ ਸ਼ਹਿਰ ਦੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਭੁੰਨੀ ਭਨਾਈ ਮੂੰਗਫਲੀ, ਗੁੜ ਦੀ ਗੱਚਕ, ਪੌਪਕੋਰਨ , ਮੱਕੀ ਦੇ ਭੁੰਨੇ ਭਨਾਏ ਦਾਣੇ, ਰਿਊੜੀਆਂ ਆਦਿ ਵੇਚਣ ਲਈ ਦੁਕਾਨਾਂ ਅਤੇ ਫੜ੍ਹੀਆਂ ਸਜਾ ਲਈਆਂ ਹਨ। ਇਸ ਸਮੇਂ ਪੋਪਕਾਰਨ ਮੱਕੀ ਦੇ ਭੁੰਨੇ ਦਾਣੇ 150 ਰੁਪਏ ਕਿਲੋਂ, ਰਿਊੜੀਆਂ 160 ਰੁਪਏ ਕਿਲੋ, ਮੂੰਗਫਲੀ ਗੱਚਕ 100 ਰੁਪਏ ਦੀ ਅੱਧਾ ਕਿਲੋ, ਮੂੰਗਫਲੀਆਂ 80-100 ਰੁਪਏ ਤੱਕ ਵਿੱਕ ਰਹੀਆਂ ਹਨ ਜਦਕਿ ਬਰਫੀ 380,ਗਾਜਰਪਾਗ 480, ਤਿੱਲਾਂ ਦੀਆਂ ਪਿੰਨੀਆਂ 300 ਰੁਪਏ ਕਿਲੋ ਵਿਕ ਰਹੀਆਂ ਹਨ।