ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਜਨਵਰੀ
ਹਰਿਆਣਾ ਸ਼ੂਗਰ ਫੈਡ ਦੇ ਚੇਅਰਮੈਨ ਤੇ ਸਥਾਨਕ ਜਜਪਾ ਵਿਧਾਇਕ ਰਾਮ ਕਰਣ ਕਾਲਾ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਬਾਰੇ ਭੰਡੀ ਪ੍ਰਚਾਰ ਕਰ ਰਹੇ ਹਨ ਕਿ ਉਹ ਛੇਤੀ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ, ਜੋ ਝੂਠ ਹੈ। ਉਹ ਸਰਕਾਰ ਦੇ ਵਿਚ ਹੀ ਰਹਿ ਕੇ ਕਿਸਾਨ ਹਿੱਤਾਂ ਲਈ ਤੇ ਕਿਸਾਨਾਂ ਦੇ ਮਾਨ ਸਨਮਾਨ ਲਈ ਯਤਨਸ਼ੀਲ ਹਨ ਤੇ ਰਹਿਣਗੇ। ਅੱਗੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਨ੍ਹਾਂ ਲੋਕਾਂ ਦੀਆਂ ਕਿਸ਼ਤਾਂ ਲੰਬਿਤ ਹਨ ਸਰਕਾਰ ਤੁਰੰਤ ਕਿਸ਼ਤਾਂ ਰਿਲੀਜ਼ ਕਰੇ। ਉਨ੍ਹਾਂ ਨੇ ਸ਼ਾਹਬਾਦ ਖੇਤਰ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਦਾ ਨਵਾਂ ਸਰਵੇ ਤੁਰੰਤ ਸ਼ੁਰੂ ਕਰਨ ਦੀ ਮੰਗ ਵੀ ਕੀਤੀ।