ਸਿੰਗਾਪੁਰ, 13 ਦਸੰਬਰ
ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਐਤਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਸ਼ੇਰ ਆਪਣੇ ਪਿੰਜਰੇ ਤੋਂ ਬਾਹਰ ਨਿਕਲ ਗਏ। ਦੋਹਾਂ ਨੂੰ ਬੇਹੋਸ਼ ਕਰਨ ਲਈ ਟ੍ਰੈਂਕੁਲਾਈਜ਼ਰ ਬੰਦੂਕ ਦਾ ਇਸਤੇਮਾਲ ਕਰਨਾ ਪਿਆ। ਮੀਡੀਆ ਵਿਚ ਆਈ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ। ‘ਦਿ ਸਟ੍ਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ, ਸ਼ੇਰ ਫਿਲਹਾਲ ਇੱਥੇ ਮੰਡਾਈ ਜੰਗਲੀ ਜੀਵ ਸਮੂਹ ਦੀ ਦੇਖਰੇਖ ਹੇਠ ਬੇਹੋਸ਼ੀ ਤੋਂ ਬਾਹਰ ਆ ਰਹੇ ਹਨ। ਇਨ੍ਹਾਂ ਨੂੰ ਇਕ ਕੰਟੇਨਰ ਵਿਚ ਬੰਦ ਕਰ ਕੇ ਵਿਦੇਸ਼ ਲਿਜਾਂਦਾ ਜਾ ਰਿਹਾ ਸੀ। ਖ਼ਬਰ ਮੁਤਾਬਕ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸ਼ੇਰਾਂ ਨੂੰ ਕਿਸ ਥਾਂ ਤੋਂ ਕਿੱਥੇ ਲਿਜਾਂਦਾ ਜਾ ਰਿਹਾ ਸੀ ਪਰ ਇਹ ਦੋਵੇਂ ਉਨ੍ਹਾਂ ਸੱਤ ਸ਼ੇਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਿੰਗਾਪੁਰ ਏਅਰਲਾਈਨਜ਼ ਕੋਲ ਹੈ। ਅਜਿਹੀ ਖ਼ਬਰ ਹੈ ਕਿ ਇਕ ਸ਼ੇਰ ਬਾਹਰ ਨਿਕਲ ਕੇ ਪਿੰਜਰੇ ਦੇ ਉੱਪਰ ਲਿਟ ਗਿਆ ਸੀ। ਹਾਲਾਂਕਿ, ਇਹ ਸ਼ੇਰ ਕੰਟੇਨਰ ਦੇ ਆਸਪਾਸ ਲਗਾਏ ਗਏ ਜਾਲ ਦੇ ਅੰਦਰ ਹੀ ਰਹੇ। ਇਸ ਦੌਰਾਨ ਏਅਰਲਾਈਨਜ਼ ਦੀ ਆਵਾਜਾਈ ਵਿਚ ਕੋਈ ਅੜਿੱਕਾ ਨਹੀਂ ਪਿਆ। -ਪੀਟੀਆਈ