ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੇ ਦਿੱਲੀ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿੰਦੀ ਹੈ ਤਾਂ ‘ਆਪ’ ਸਰਕਾਰ ਇਹ ਕੰਮ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਅਪੀਲ ਕਰ ਚੁੱਕੇ ਹਨ ਕਿ ਵੱਡੀ ਗਿਣਤੀ ਲੋਕ ‘ਜੀਵਨ ਰੱਖਿਅਕ’ ਟੀਕਿਆਂ ਦਾ ਖਰਚ ਚੁੱਕਣ ਤੋਂ ਅਸਮਰੱਥ ਹਨ, ਲਿਹਾਜ਼ਾ ਉਨ੍ਹਾਂ ਲਈ ਮੁਫ਼ਤ ਟੀਕਾਕਰਨ ਯਕੀਨੀ ਬਣਾਇਆ ਜਾਵੇ। ਕੇਜਰੀਵਾਲ ਨੇ ਅਪੀਲ ਕੀਤੀ ਕਿ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਨਾ ਫੈਲਾਈਆਂ ਜਾਣ। ਉਨ੍ਹਾਂ ਕਿਹਾ, ‘ਮੈਂ ਸਮਝਦਾ ਹਾਂ ਕਿ ਕੇਂਦਰ ਤੇ ਸਾਡੇ ਵਿਗਿਆਨੀਆਂ ਨੇ ਸਾਰੇ ਦਿਸ਼ਾ ਨਿਰਦੇਸ਼ਾਂ ਤੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦਿਆਂ ਇਹ ਵੈਕਸੀਨ ਲਿਆਂਦੀ ਹੈ। ਲਿਹਾਜ਼ਾ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੋਣਾ ਚਾਹੀਦਾ ਤੇ ਲੋਕ ਅੱਗੇ ਆ ਕੇ ਵੈਕਸੀਨ ਲਗਵਾਉਣ।’ -ਪੀਟੀਆਈ