ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜਨਵਰੀ
ਮੁਸੀਬਤ ਹੋਵੇ ਜਾਂ ਭਵਿੱਖ ਦੀ ਫਿਕਰਮੰਦੀ ਪਰ ਇਨ੍ਹਾਂ ਨੂੰ ਖਿੜ੍ਹੇ ਮਥੇ ਪ੍ਰਵਾਨ ਕਰਦੇ ਹੋਏ ਸੰਘਰਸ਼ ਦੌਰਾਨ ਵੀ ਆਪਣੇ ਤਿਉਹਾਰਾਂ ਨੂੰ ਵੱਖਰੇ ਪ੍ਰਸੰਗ ਵਿੱਚ ਮਨਾ ਕੇ ਕਿਸਾਨਾਂ ਨੇ ਦਿੱਲੀ ਦੇ ਧਰਨਿਆਂ ’ਚ ਨਵੀਂ ਇਬਾਰਤ ਲਿਖੀ ਹੈ।
ਕਿਸਾਨ ਆਗੂ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਕਿਸਾਨਾਂ ਨੇ ਲੋਹੜੀ ਮਨਾਉਂਦੇ ਹੋਏ ‘ਭੁੱਗੇ’ ਦੇ ਰੂਪ ’ਚ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹਾਕਮਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਹ ਬਹੁਤ ਚੀੜ੍ਹੇ ਹਨ। ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਨੇ ਦੱਸਿਆ ਕਿ ਮਾਘੀ ਦੇ ਪਵਿੱਤਰ ਇਸ਼ਨਾਨ ਕਰਨ ਉਹ ਇਸ ਵਾਰ ਮੁਕਤਸਰ ਸਾਹਿਬ ਨਹੀਂ ਜਾ ਸਕੇ। ਉਹ ਸਿੰਘੂ ਹੱਦ ’ਤੇ ਹੀ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਕੇ ਆਪਣੇ ਅਕੀਦੇ ’ਤੇ ਮਜ਼ਬੂਤ ਹਨ।
ਕਿਸਾਨ ਆਗੂ ਅਮਰੀਕ ਸਿੰਘ ਮੁਤਾਬਕ ਅੰਦੋਲਨਕਾਰੀਆਂ ਵਿੱਚੋਂ ਕਈ ਸ਼ਰਧਾਲੂਆਂ ਨੇ ਮਾਘੀ ਮੌਕੇ ਤੜਕਸਾਰ ਇਸ ਸੰਗਰਾਂਦ ਦਾ ਇਸ਼ਨਾਨ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਵਿੱਚ ਕਰਦਿਆਂ 40 ਮੁਕਤਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸੋਨੀਪਤ ਦੇ ਪਿੰਡ ਉਨਾਹਰੀ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਰਾਲੀ ’ਤੇ ਲਿਆਏ ਸਾਜਿਦ ਨੇ ਦੱਸਿਆ ਕਿ ਉਹ ਰੋਜ਼ਾਨਾ ਇੱਥੇ ਆਉਂਦੇ ਹਨ। ਉਸ ਨੇ ਕਿਹਾ ਕਿਸਾਨ ਕਾਨੂੰਨੀ ਦਾਅ ਪੇਚਾਂ ਨੂੰ ਵੀ ਖੁੰਡੇ ਕਰਨ ਦੀ ਹਿੰਮਤ ਰੱਖਦੇ ਹਨ।
ਚੇਤੇ ਰਹੇ ਦਿੱਲੀ ਦੇ ਮੋਰਚਿਆਂ ’ਤੇ ਬੈਠੇ ਕਿਸਾਨਾਂ ਨੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਭਗਤੀ ਭਾਵਨਾ ਨਾਲ ਮਨਾਈਆਂ ਸਨ ਅਤੇ ਨਵਾਂ ਸਾਲ ਵੀ ਇਸ ਵਾਰ ਸੰਘਰਸ਼ ਦੌਰਾਨ ਮਨਾਇਆ। ਕਿਸਾਨ ਆਗੂਆਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਘੋਲ ਲੰਬਾ ਹੋਣ ਕਰਕੇ ਅਗਲੇ ਦਿਨ ਤਿਉਹਾਰ ਵੀ ਮੋਰਚਿਆਂ ’ਤੇ ਹੀ ਮਨਾਉਣੇ ਪੈ ਸਕਦੇ ਹਨ।
ਮੁਕਤਸਰ ਤੋਂ ਆਏ ਇੱਕ ਕਿਸਾਨ ਨੇ ਕਿਹਾ ਕਿ ਸਾਡੇ ਇਤਿਹਾਸ ਦੇ ਪੰਨਿਆਂ ’ਤੇ ਥਾਂ-ਥਾਂ ਸੰਘਰਸ਼ਾਂ ਦੌਰਾਨ ਕੁਰਬਾਨੀਆਂ ਦਾ ਜ਼ਿਕਰ ਹੈ। ਨੌਜਵਾਨ ਕਿਸਾਨ ਆਗੂ ਭੁਪਿੰਦਰ ਲੌਂਗੋਵਾਲ ਮੁਤਾਬਕ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਵੀ ਹਾਕਮਾਂ ਨੂੰ ਕਿਸਾਨਾਂ ਦੇ ਨਿਸ਼ਚੇ ਦੀ ਇਕ ਹੋਰ ਝਲਕ ਦੇਖਣ ਨੂੰ ਮਿਲੇਗੀ।