ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜਨਵਰੀ
ਸੀਆਈਏ ਸਟਾਫ਼ ਧਰਮਕੋਟ ਨੇ ਗੈਂਗਸਟਰ ਸੁੱਖਾ ਲੰਮੇ ਗਰੁੱਪ ਦੇ ਫ਼ਿਰੌਤੀ ਨਾ ਦੇਣ ਵਾਲੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਨਿਸ਼ਾਨਚੀਆਂ ਨੂੰ 3 ਪਿਸਤੌਲਾਂ ਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਇੰਸਪੈਕਟਰ ਕਿੱਕਰ ਸਿੰਘ ਨੇ ਦਾਅਵਾ ਕੀਤਾ ਕਿ ਗੈਂਗਸਟਰ ਫਿਰੋਜ਼ਪੁਰ, ਫ਼ਰੀਦਕੋਟ, ਮੋਗਾ ਅਤੇ ਜਗਰਾਉਂ ਦੇ ਅਮੀਰ ਲੋਕਾਂ ਤੇ ਕਾਰੋਬਾਰੀਆਂ ਦੀ ਪਛਾਣ ਕਰ ਕੇ ਵਿਦੇਸ਼ ਤੋਂ ਵ੍ਹਟਸ ਐਪ ’ਤੇ ਫਿਰੌਤੀ ਲਈ ਫੋਨ ’ਤੇ ਧਮਕੀ ਦਿੰਦੇ ਸਨ। ਫਿਰੌਤੀ ਤੋਂ ਇਨਕਾਰ ਕਰਨ ’ਤੇ ਇਹ ਸ਼ਾਰਪ ਸ਼ੂਟਰ ਸਬੰਧਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 31 ਦਸੰਬਰ ਨੂੰ ਤਲਵੰਡੀ ਭਾਈ ਵਿੱਚ ਇੱਕ ਮਨੀ ਐਕਸਚੇਂਜਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਦੋ ਹੋਰ ਸੁਨਿਆਰਿਆਂ ਦੀ ਰੇਕੀ ਕੀਤੀ ਸੀ। ਉਹ ਜਗਰਾਉਂ ਵਿੱਚ ਇੱਕ ਜੌਹਰੀ ਉੱਤੇ ਗੋਲੀਬਾਰੀ ਕਰਨ ਜਾ ਰਹੇ ਸਨ ਕਿ ਪੁਲੀਸ ਦੇ ਹੱਥ ਚੜ੍ਹ ਗਏ। ਮੁਲਜ਼ਮਾਂ ਦਾ ਅਦਾਲਤ ਨੇ ਚਾਰ ਰੋਜ਼ਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਸੁਲਤਾਨਪੁਰ ਲੋਧੀ ਅਤੇ ਸਾਹਿਲ ਕੁਮਾਰ ਵਾਸੀ ਮਕਸੂਦਾਂ ਰੋਡ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਤਿੰਨ ਪਿਸਤੌਲ ਸਮੇਤ 15 ਕਾਰਤੂਸ ਅਤੇ 1100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਖ਼ਿਲਾਫ਼ ਥਾਣਾ ਮਹਿਣਾ ਵਿੱਚ ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਰੇਸ਼ਮ ਸਿੰਘ ਗੈਂਗਸਟਰ ਸੁੱਖਾ ਲੰਮੇ ਗਰੁੱਪ ਦੇ ਇਟਲੀ ਰਹਿੰਦੇ ਪਰਮਿੰਦਰ ਸਿੰਘ ਰਾਹੀਂ ਕੈਨੇਡਾ ਰਹਿੰਦੇ ਪ੍ਰਭ ਨਾਮ ਦੇ ਨੌਜਵਾਨ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ ਮੁਲਜ਼ਮ ਸਾਹਿਲ ਕੁਮਾਰ, ਜੋ ਉਸ ਦਾ ਬਚਪਨ ਦਾ ਦੋਸਤ ਸੀ, ਨੂੰ ਨਾਲ ਰਲਾ ਲਿਆ। ਉਨ੍ਹਾਂ ਨੂੰ ਪ੍ਰਭ ਤੇ ਉਸ ਦੇ ਗਰੁੱਪ ਵੱਲੋਂ ਹਥਿਆਰ ਮੁਹੱਈਆ ਕਰਵਾਏ ਗਏ ਸਨ।