ਜਤਿੰਦਰ ਸਿੰਘ
‘ਮ੍ਰਿਤ ਦਾ ਸੁਪਨਾ’ ਸੁਰਜੀਤ ਹਾਂਸ ਦੀ ਆਖ਼ਰੀ ਕਾਵਿ-ਪੁਸਤਕ ਹੈ। ਇਸ ਕਾਵਿ-ਸੰਗ੍ਰਹਿ ਦੇ ਆਖ਼ਿਰ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀਆਂ ਸਤਰਾਂ ‘‘ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ’’ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਸ ਦੁਨੀਆ ਤੋਂ ਕੋਈ ਵੀ ਵਿਅਕਤੀ ਸੰਤੁਸ਼ਟ ਨਹੀਂ ਜਾਂਦਾ, ਉਹ ਜੀਵਨ ਤੋਂ ਅਸੰਤੁਸ਼ਟ ਰਹਿੰਦਾ ਹੈ। ਅੰਤਲੇ ਸਮੇਂ ਉਸ ਦੇ ਮਨ ਅੰਦਰ ਕਈ ਤਰ੍ਹਾਂ ਦੇ ਸੁਪਨੇ ਤੇ ਖ਼ਿਆਲ ਪਨਪਦੇ ਰਹਿੰਦੇ ਹਨ ਜਿਸ ਨੂੰ ਉਹ ਅਧੂਰਾ ਸਮਝਦਾ ਹੈ।
ਬੰਦਾ ਸਾਰੀ ਉਮਰ ਸੁਪਨਿਆਂ ਤੇ ਫ਼ਿਕਰਾਂ ਦੇ ਅੰਗ-ਸੰਗ ਵਿਚਰਦਾ ਹੈ। ਕਦੇ ਕਦਾਈਂ ਉਹ ਹਕੀਕਤ ਦਾ ਰੂਪ ਧਾਰ ਲੈਂਦੇ ਹਨ, ਪਰ ਜ਼ਿੰਦਗੀ ਤੋਂ ਮੌਤ ਵੱਲ ਸਫ਼ਰ ਵੇਲੇ। ਅੰਤਲੇ ਸਮੇਂ ਨੇੜੇ ਅਧੂਰੇ ਜਾਂ ਰਹਿ ਗਏ ਕੰਮ, ਮਨੁੱਖ ਦੇ ਸੁਪਨੇ, ਫ਼ਿਕਰ ਵਿਚ ਤਬਦੀਲ ਹੋ ਜਾਂਦੇ ਹਨ। ਅੰਤਲੇ ਵਕਤ ਵਿਅਕਤੀ ਜ਼ਿੰਦਗੀ ਦਾ ਲੇਖਾ-ਜੋਖਾ ਕਰਦਾ ਹੈ। ਜ਼ਿੰਦਗੀ ਵਿਚ ਜੋ ਜਿਸ ਤਰ੍ਹਾਂ ਚਲਦਾ ਹੈ, ਉਹ ਉਵੇਂ ਹੀ ਚਲਦਾ ਰਹਿਣ ਦੇਣਾ ਚਾਹੀਦਾ ਹੈ, ਉਸ ਨੂੰ ਆਪਣੇ ਮੁਤਾਬਿਕ ਢਾਲਣ ਜਾਂ ਬਦਲਣ ਦੀ ਕੋਸ਼ਿਸ਼ ’ਤੇ ਬੰਦੇ ਨੂੰ ਹਮੇਸ਼ਾ ਹਿਰਖ ਰਹਿੰਦਾ ਹੈ:
ੳ) ਜੋ ਦੇਰੀ ਨਾ ਦੋਸਤੀ ਦਾ
ਜਸ਼ਨ ਸੀ ਇਹ ਆਖ਼ਰੀ
ਨਾਲੇ ਜਿਹੜੀ ਗੱਲ ਤੁਰਦੀ
ਆਪ ਹੀ ਚੰਗੀ ਭਲੀ…
ਅ) ਨਜ਼ਰਸਾਨੀ ਹੋ ਸਕੇ ਨਾ
ਐਸੀ ਐਨਕ ਹੈ ਮੇਰੀ
ਦੂਰ ਨੇੜੇ ਦੀ ਕੀ ਸਮਝੇ
ਐਸੀ ਮੇਰੀ ਬੇਬਸੀ।
ਮ੍ਰਿਤੂ ਮਨੁੱਖੀ ਜੀਵਨ ਦਾ ਅਜਿਹਾ ਪੜਾਅ ਹੈ ਜਿਸ ਦਾ ਦਰਦ ਅਸਹਿ ਹੁੰਦਾ ਹੈ। ਹਾਂਸ ਦੇ ਕਹਿਣ ਮੁਤਾਬਿਕ ਦੂਸਰੇ ਦੀ ਮੌਤ ਦਾ ਅਫ਼ਸੋਸ ਅਤੇ ਆਪਣੀ ਦਾ ਬੰਦੇ ਨੂੰ ਦੁੱਖ ਹੁੁੰਦਾ ਹੈ:
ੳ) ਜੋ ਕਿਸੇ ਦੇ ਜਾਣ ਕਾਰਨ
ਲੱਗਦਾ ਅਫ਼ਸੋਸ ਹੈ
ਸੱਟ ਵਾਂਗੂੰ ਰੜਕਦਾ ਹੈ
ਤਨ ’ਚੋ ਉਠਦਾ ਰੋਸ ਹੈ…
ਅ) ਜੋ ਭਵਿੱਖ ਤੇ ਆਪਣਾ ਹੀ
ਅੰਤ ਲਗਦਾ ਦਿਸਨ ਹੈ
ਉਹਦੇ ਬਾਝੋਂ ਘਰ ਦਾ ਸਰਨਾ
ਪਹਿਣ ਕੀ ਜੋ ਪਿਸਨ ਹੈ।
ਸੁਰਜੀਤ ਹਾਂਸ ਦੀਆਂ ਕਵਿਤਾਵਾਂ ਅੰਦਰ ਵੇਦਾਂ ਦੀਆਂ ਸਤੂਤੀਆਂ ਵਰਗੀ ਰਵਾਨੀ ਹੈ। ਉਸ ਦੀ ਕਵਿਤਾ ਵਿਚ ਮੈਂ ਮੂਲਕ, ਸਵੈ-ਪ੍ਰਗਟਾਵੇ ਤੋਂ ਲੈ ਕੇ ਮਾਤ ਲੋਕ ਤੇ ਪਾਰ ਲੋਕ ਦਾ ਦਰਸ਼ਨ ਹੈ। ਇਹ ਆਤਮ ਚਿੰਤਨ ਦੀ ਕਵਿਤਾ ਹੈ। ‘ਮ੍ਰਿਤ ਦਾ ਸੁਪਨਾ’ ਸਿਰਫ਼ ਬੀਤੇ ਦੀਆਂ ਅਧੂਰੀਆਂ ਖ਼ੁਆਹਿਸ਼ਾਂ ਹੀ ਹਨ ਜਾਂ ਫਿਰ ਬੀਤ ਰਹੇ ਦੀ ਸਮਝ ਦੀ ਪਕੜ ਹੈ? ਨਾਲੇ ਹਾਂਸ ਦੀਆਂ ਕਵਿਤਾਵਾਂ ਅੰਦਰ ਰਿਸ਼ਤੇ ਲੌਕਿਕ ਸੰਸਾਰ ਵਿਚੋਂ ਉਪਜਦੇ ਹਨ ਅਤੇ ਫਿਰ ਕਿਸੇ ਨਾਟਕੀ ਮੰਚ ਦੀ ਪੇਸ਼ਕਾਰੀ ਵਾਂਗ ਆਪਣੀ ਭੂਮਿਕਾ ਨਿਭਾਅ ਕੇ ਮੰਚ ਦੇ ਪਿਛਲੇ ਪਾਸੇ ਚਲੇ ਜਾਂਦੇ ਹਨ:
ੳ) ਜੀਵਨੀ ਦੀ ਗੱਲ ਕਾਹਦੀ
ਇਹ ਤਾਂ ਸੁਪਨਾ ਸੀ ਕੋਈ
ਮੁਕਦਾ ਸੁਪਨਾ ਜਦੋਂ ਹੈ
ਮ੍ਰਿਤ ਹੁੰਦੀ ਲੈ ਬਈ।
ਅ) ਚੱਲ ਕੋਈ ਨਾ ਤੂੰ ਵੀ ਜਿਹੜਾ
ਤੱਥਾਂ ਵਿਚ ਤੱਥ ਹੈ
ਆਪਣਿਆਂ ਦੇ ਰੰਗ ਤੇਰੀ
ਚੇਤਨਾ ਦੀ ਸੱਥ ਹੈ।
ਹਾਂਸ ਨੇ ਬਾਖ਼ੂਬੀ ਸਵੈ-ਮੂਲਕ ਹੋਂਦ ਤੇ ਹੋਣੀ, ਸਰੀਰ ਤੇ ਮਿੱਤਰਤਾ, ਮਿਲਣ ਦੇ ਜਸ਼ਨ ਤੇ ਵਿਛੜਨ ਦੀ ਉਦਾਸੀ ਨੂੰ ਬਿਆਨਿਆ ਹੈ। ‘ਪਿੰਜਰਾ’ ਕਵਿਤਾ ਅੰਦਰ ਇਸ ਪਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ:
ਮੈਂ ਤਾਂ ਇਹਨੂੰ ਜਾਣਦਾ ਨਹੀਂ
ਇਹ ਮੈਨੂੰ ਹੈ ਜਾਣਦਾ
ਮਾਮਲਾ ਕੀ ਪੈ ਗਿਆ ਹੈ
ਮੁੱਕ ਚੱਲੇ ਹਾਣ ਦਾ।
ਆਤਮਾ ਤੇ ਪਿੰਜਰ ਦਾ ਹਾਣ ਮੁੱਕਣ ਜਾ ਰਿਹਾ ਹੈ, ਪਰ ਇਕ ਦੂਜੇ ਨਾਲ ਜੋ ਜਾਣਨ ਤੇ ਸਮਝਣ ਦੀ ਕਵਾਇਦ ਸੀ ਉਹ ਹਾਲੇ ਵੀ ਅਧੂਰੀ ਹੈ। ਇਸੇ ਤਰ੍ਹਾਂ ਕਵੀ ‘ਅਹਿਸਾਨ’ ਕਵਿਤਾ ਅੰਦਰ ਵੀ ਰਿਸ਼ਤਿਆਂ ਨੂੰ ਸੁੰਦਰਤਾ ਨਾਲ ਬੀੜਨ ਦਾ ਯਤਨ ਕਰਦਾ ਹੈ। ਮੈਨੂੰ ਅਹਿਸਾਸ ਹੈ ਜੋ ਰਿਸ਼ਤੇ ਬਣੇ-ਬੁਣੇ, ਟੁੱਟੇ ਤੇ ਅਧੂਰੇ ਰਹੇ; ਉਨ੍ਹਾਂ ਨੂੰ ਮਿਲਣ ਦਾ ਸੁਪਨਾ ਤੇ ਫ਼ਿਕਰ ਹੈ।
ਇਸ ਕਾਵਿ-ਸੰਸਾਰ ਦਾ ਕੇਂਦਰੀ ਨੁਕਤਾ ਉੱਭਰ ਕੇ ਸਾਹਮਣੇ ਆਇਆ ਹੈ:
ਜੋ ਗੁਆਂਢੀ ਸ਼ੈਆਂ ਨੇ ਤਾਂ
ਮੈਨੂੰ ਨਹੀਂ ਕਰਨਾ ਮੁਆਫ਼
ਫੇਰ ਕੀ ਜੋ ਉਨ੍ਹਾਂ ਵਾਂਗੂ
ਜਿੰਦ ਨੇ ਜਾਣਾ ਗੁਆਚ।
ਇਸੇ ਤਰ੍ਹਾਂ ‘ਫ਼ਰਕ’, ‘ਚਾਰ ਦਿਨ’, ‘ਫ਼ਿਕਰ’, ‘ਫ਼ਰਾਮੋਸ਼ੀ’ ਕਵਿਤਾਵਾਂ ਜੀਵਨ ਤੇ ਮ੍ਰਿਤੂ ਵਿਚਲੇ ਬੰਧਨਾਂ ਦੇ ਤਾਂਡਵ, ਮਿਲਣ ਤੇ ਜਸ਼ਨ ਦੇ ਅਧੂਰੇਪਣ ਦੇ ਸੋਗ ਨਾਲ ਗੜੁੱਚ ਹਨ। ਸਮੁੱਚੀ ਕਵਿਤਾ ਇਸ ਅਧੂਰੇਪਣ ਦੇ ਅਹਿਸਾਸ ਨਾਲ ਬੱਝੀ ਹੋਈ ਹੈ।
ਸੰਪਰਕ: 94174-78446