ਬੇਅੰਤ ਸਿੰਘ/ਗੁਰਬ਼ਖ਼ਸ਼ਪੁਰੀ
ਪੱਟੀ/ਤਰਨ ਤਾਰਨ, 18 ਜਨਵਰੀ
ਇੱਥੇ ਤਰਨ ਤਾਰਨ-ਪੱਟੀ ਰੋਡ ’ਤੇ ਕੈਰੋਂ ਪਿੰਡ ਨਜ਼ਦੀਕ ਸੋਮਵਾਰ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਲੁਟੇਰਾ ਗਰੋਹ ਦੇ ਇਕ ਮੈਂਬਰ ਵੱਲੋਂ ਜ਼ਹਿਰ ਨਿਗਲਣ ਨਾਲ ਉਸ ਦੀ ਮੌੌਤ ਹੋ ਗਈ ਜਦੋਂਕਿ ਗਰੋਹ ਦੇ ਹੋਰਨਾਂ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਹੋਮ ਗਾਰਡ ਦਾ ਜਵਾਨ ਸੁਖਵਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪੁਲੀਸ ਨੇ ਗਰੋਹ ਮੈਂਬਰਾਂ ਨੂੰ ਪੈਟਰੋਲ ਪੰਪ ’ਤੇ ਕੀਤੀਆਂ ਲੁੱਟ ਦੀਆਂ ਸੱਤ ਵਾਰਦਾਤਾਂ ਮਗਰੋਂ ਕਾਬੂ ਕੀਤਾ ਹੈ। ਹਥਿਆਰਾਂ ਨਾਲ ਲੈਸ ਇਨ੍ਹਾਂ ਲੁਟੇਰਿਆਂ ਨੇ ਅੱਜ ਪਹਿਲਾਂ ਨੌਰੰਗਾਬਾਦ ਵਿੱਚ ਇਕ ਕੈਮਿਸਟ ਨੂੰ ਗੋਲੀ ਮਾਰੀ ਤੇ ਮਗਰੋਂ ਢੋਟੀਆਂ ਪਿੰਡ ’ਚ ਇਕ ਹੋਰ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਉਨ੍ਹਾਂ ਦੀ ਕਾਰ, ਜੋ ਉਨ੍ਹਾਂ ਡੇਰਾ ਸਾਹਿਬ ਪਿੰਡ ਦੇ ਇਕ ਵਿਅਕਤੀ ਕੋਲੋਂ ਖੋਹੀ ਸੀ, ਦਾ ਪੈਟਰੋਲ ਮੁੱਕ ਗਿਆ। ਪੁਲੀਸ ਨੇ ਸੂਚਨਾ ਮਿਲਦੇ ਹੀ ਘੇਰਾ ਪਾਇਆ ਤਾਂ ਉਹ ਨੇੜੇ ਹੀ ਇਕ ਮੈਰਿਜ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ’ਚ ਵੜ ਗਏ। ਪੁਲੀਸ ਨੇ ਮੈਰਿਜ ਪੈਲੇਸ ਨੂੰ ਘੇਰਿਆ ਤਾਂ ਲੁਟੇਰਿਆਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਦੁਵੱਲੀ ਫਾਇਰਿੰਗ ਮੌਕੇ ਇਕ ਲੁਟੇਰੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਰਕੇ ਉਸ ਦੀ ਮੌਤ ਹੋ ਗਈ। ਜਦੋਂਕਿ ਬਾਕੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਇਸ ਦੌਰਾਨ ਹੋਮ ਗਾਰਡ ਦਾ ਜਵਾਨ ਤੇ ਪੁਲੀਸ ਦਾ ਸਿਪਾਹੀ ਵੀ ਜ਼ਖ਼ਮੀ ਹੋ ਗਏ। ਉਂਜ ਦੁਵੱਲੀ ਗੋਲੀਬਾਰੀ ਦੌਰਾਨ ਪੈਲੇਸ ’ਚ ਮੌਜੂਦ ਲੋਕ ਦਹਿਸ਼ਤ ’ਚ ਰਹੇ। ਦੂਜੇ ਪਾਸੇ ਐਸਐਸਪੀ ਨੇ ਲੁਟਰੇ ਦੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੱਡੀ ਪਲਟਣ ਕਾਰਨ ਦਹਿਸ਼ਤ ਜਾਂ ਨਸ਼ੀਲਾ ਪਦਾਰਥ ਖਾਣਾ ਵੀ ਮੌਤ ਦਾ ਕਾਰਨ ਹੋ ਸਕਦਾ ਹੈ ਜਿਸ ਬਾਰੇ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ।