ਯੇਰੂਸ਼ਲਮ, 18 ਜਨਵਰੀ
ਇਜ਼ਰਾਈਲੀ ਫ਼ੌਜ ਦੇ ਜੰਗੀ ਜਹਾਜ਼ਾਂ ਨੇ ਫਲਿਸਤੀਨੀ ਖੇਤਰ ਵਿੱਚ ਛੱਡੇ ਗਏ ਦੋ ਰਾਕੇਟਾਂ ਦੇ ਜਵਾਬ ਵਿੱਚ ਅੱਜ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਫ਼ੌਜ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਜੰਗੀ ਜਹਾਜ਼ਾਂ ਵੱਲੋਂ ਹਮਾਸ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਗਏ। ਇਨ੍ਹਾਂ ਟਿਕਾਣਿਆਂ ’ਚ ਜ਼ਮੀਨਦੋਜ਼ ਸੁਰੰਗਾਂ ਵੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਕੁਝ ਇਜ਼ਰਾਈਲ ਦੇ ਇਲਾਕੇ ਤੱਕ ਫ਼ੈਲੀਆਂ ਹੋਈਆਂ ਸਨ। ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਹਵਾਈ ਹਮਲਿਆਂ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ ਸੀ। ਇਸ ਦੌਰਾਨ ਰਾਕੇਟਾਂ ਤੋਂ ਵੀ ਕੋਈ ਤਬਾਹੀ ਹੋਣ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਰਾਕੇਟ ਕਿਸ ਨੇ ਛੱਡੇ ਸਨ। ਹਮਾਸ, ਇਜ਼ਰਾਈਲ ਨਾਲ ਇਕ ਅਣਅਧਿਕਾਰਤ ਜੰਗਬੰਦੀ ਸਮਝੌਤੇ ਦੇ ਪਾਲਣ ਦਾ ਦਾਅਵਾ ਕਰਦਾ ਹੈ ਪਰ ਇਜ਼ਰਾਈਲ ਗਾਜ਼ਾ ਤੋਂ ਹੋਣ ਵਾਲੇ ਕਿਸੇ ਵੀ ਹਮਲੇ ਲਈ ਹਮਾਸ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਾ ਆਇਆ ਹੈ। -ਏਪੀ